ਨਿਸ਼ਾਨ-ਏ-ਸਿੱਖੀ ਦੇ 25 ਵਿਦਿਆਰਥੀਆਂ ਪਾਸ ਕੀਤਾ ਐੱਨਡੀਏ ਦਾ ਲਿਖਤੀ ਇਮਤਿਹਾਨ
ਐੱਸਐੱਸਬੀ ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਤੇ ਪਰਮਾਤਮਾ ਦਾ ਸਦਾ ਨਾਮ ਜਪਦੇ ਰਹਿਣ ਲਈ ਪ੍ਰੇਰਿਆ।
Publish Date: Sat, 09 May 2026 04:41 PM (IST)
Updated Date: Sun, 10 May 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਨਿਸ਼ਾਨ-ਏ-ਸਿੱਖੀ ਐੱਨਡੀਏ ਵਿੰਗ ਖਡੂਰ ਸਾਹਿਬ ਦੇ 25 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਐੱਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂਪੀਐੱਸਸੀ ਵੱਲੋਂ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ 12 ਅਪ੍ਰੈਲ ਨੂੰ ਹੋਈ ਤੇ ਜਿਸ ਦਾ ਨਤੀਜਾ 8 ਮਈ ਨੂੰ ਆਇਆ। ਇਹ ਸਾਰੇ ਵਿਦਿਆਰਥੀ ਹੁਣ ਐੱਸਐੱਸਬੀ ਦੀ ਇੰਟਰਵਿਊ ਲਈ ਜਾਣਗੇ ਜੋ ਕਿ ਚੋਣ ਲਈ ਅਗਲਾ ਕਦਮ ਹੈ। ਇਹ ਨਿਸ਼ਾਨ-ਏ-ਸਿੱਖੀ ਸੰਸਥਾ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖ਼ਤ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਤੇ ਅਧਿਆਪਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਸੰਸਥਾ ਦੇ 28 ਵਿਦਿਆਰਥੀ ਵੱਖ-ਵੱਖ ਸੈਨਾਵਾਂ ’ਚ ਕਮਿਸ਼ਨਰ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੇਜਰ ਜਨਰਲ ਬਲਵਿੰਦਰ ਸਿੰਘ ਵੀਐੱਸਐੱਮ ਸੇਵਾਮੁਕਤ ਡਾਇਰੈਕਟਰ, ਐੱਨਡੀਏ ਵਿੰਗ ਨੇ ਦੱਸਿਆ ਕਿ ਇਸ ਪ੍ਰੀਖਿਆ ’ਚ ਪੂਰੇ ਭਾਰਤ ’ਚੋਂ ਚਾਰ ਲੱਖ ਵਿਦਿਆਰਥੀ ਪ੍ਰੀਖਿਆ ਕੇਂਦਰ ’ਚ ਬੈਠਦੇ ਹਨ, ਜਿਨ੍ਹਾਂ ਵਿੱਚੋਂ ਅੱਠ ਹਜ਼ਾਰ ਵਿਦਿਆਰਥੀ ਸਫ਼ਲ ਹੁੰਦੇ ਹਨ, ਉਨ੍ਹਾਂ ’ਚੋਂ 25 ਵਿਦਿਆਰਥੀ ਨਿਸ਼ਾਨ-ਏ-ਸਿੱਖੀ ਸੰਸਥਾ ਦੇ ਪਾਸ ਹੋਏ। ਇਸ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਐੱਨਐੱਸਆਈਐੱਸਟੀ ਐੱਨਡੀਏ ਵਿੰਗ ਵਿਖੇ ਚੋਣ ਤੇ ਸਿਖਲਾਈ ਦਾ ਜ਼ਿਕਰ ਕਰਦਿਆਂ ਇਸ ਸਬੰਧੀ ਪ੍ਰਕਿਰਿਆ ਬਾਰੇ ਦੱਸਿਆ। ਬਾਬਾ ਸੇਵਾ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਤੇ ਐੱਸਐੱਸਬੀ ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਤੇ ਪਰਮਾਤਮਾ ਦਾ ਸਦਾ ਨਾਮ ਜਪਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਬਲਦੇਵ ਸਿੰਘ, ਫਕੈਲਟੀ ਇੰਚਾਰਜ ਦਿਨੇਸ਼ ਗੁਪਤਾ, ਡਿਪਟੀ ਡਾਇਰੈਕਟਰ ਕਰਨਲ ਗੁਰਮੀਤ ਸਿੰਘ ਸੇਵਾਮੁਕਤ, ਚੀਫ਼ ਟ੍ਰੇਨਿੰਗ ਅਫ਼ਸਰ ਕਰਨਲ ਦਰਸ਼ਨ ਸਿੰਘ ਬਾਵਾ, ਭਾਈ ਵਰਿਆਮ ਸਿੰਘ, ਸੂਬੇਦਾਰ ਕੁਲਵੰਤ ਸਿੰਘ ਤੇ ਸੰਸਥਾ ਦਾ ਸਟਾਫ ਹਾਜ਼ਰ ਸਨ।