ਪੱਟੀ ਦੇ ਕਚਹਿਰੀ ਰੋਡ ’ਤੇ ਟ੍ਰੈਫਿਕ ਜਾਮ ਬਣਿਆ ਵੱਡੀ ਸਮੱਸਿਆ

ਸਕੂਲੀ ਬੱਚੇ, ਮਰੀਜ਼ ਤੇ ਆਮ ਲੋਕ ਸਭ ਤੋਂ ਵੱਧ ਪ੍ਰਭਾਵਿਤ, ਪ੍ਰਸ਼ਾਸਨ ਨਹੀਂ ਦੇ ਰਿਹਾ ਸਮੱਸਿਆ ਵੱਲ ਧਿਆਨ
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ’ਚ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਖਾਸ ਕਰ ਕੇ ਵੇਰਕਾ ਡੇਅਰੀ ਤੋਂ ਪੁਰਾਣੀ ਕਚਹਿਰੀ ਰੋਡ ਤਕ ਦਾ ਇਲਾਕਾ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਚੁੱਕਾ ਹੈ। ਇਸ ਸੜਕ ’ਤੇ ਜਦੋ ਰੇਲਵੇ ਟ੍ਰੈਕ ’ਤੇ ਖੜ੍ਹੀ ਮਾਲ ਗੱਡੀ ਲੋਡ ਕਰਨੀ ਹੁੰਦੀ ਹੈ ਤਾਂ ਟਰੱਕਾਂ ਦੀ ਆਵਾਜਾਈ ਕਾਰਨ ਲੱਗਣ ਵਾਲੇ ਜਾਮ ਕਾਰਨ ਆਮ ਲੋਕਾਂ, ਸਕੂਲੀ ਬੱਚਿਆਂ, ਮਰੀਜ਼ਾਂ ਤੇ ਵਪਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਲੋਕਾਂ ਮੁਤਾਬਿਕ ਜਦੋਂ ਵੇਰਕਾ ਡੇਅਰੀ ਦੇ ਕੋਲ ਮਾਲ ਗੱਡੀਆਂ ਦੀ ਲੋਡਿੰਗ ਜਾਂ ਅਨਲੋਡਿੰਗ ਹੁੰਦੀ ਹੈ ਤਾਂ ਟਰੱਕਾਂ ਦੀ ਆਵਾਜਾਈ ਤੇ ਤੰਗ ਸੜਕ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ ਤੇ ਕੁਝ ਹੀ ਮਿੰਟਾਂ ’ਚ ਲੰਬਾ ਜਾਮ ਲੱਗ ਜਾਂਦਾ ਹੈ।
ਇਲਾਕੇ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਕਚਹਿਰੀ ਰੋਡ ’ਤੇ ਰੋਜ਼ਾਨਾ ਲੱਗਣ ਵਾਲੇ ਜਾਮ ਕਾਰਨ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਕਈ ਵਾਰ ਵਾਹਨ ਚਾਲਕਾਂ ਨੂੰ ਘੰਟਿਆਂ ਤਕ ਜਾਮ ’ਚ ਫਸੇ ਰਹਿਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਦੀ ਗੈਰਹਾਜ਼ਰੀ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ।
ਰਾਹਗੀਰਾਂ ਨੇ ਕਿਹਾ ਕਿ ਇਸ ਰੋਡ ’ਤੇ ਤਿੰਨ ਵੱਡੇ ਸਕੂਲ ਸਥਿਤ ਹਨ, ਜਿਨ੍ਹਾਂ ’ਚ ਸਕੂਲ ਆਫ਼ ਐਮੀਨੈਂਸ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਵੁੱਡ ਬਲੋਸਮ ਸਕੂਲ ਸ਼ਾਮਿਲ ਹਨ। ਸਕੂਲਾਂ ਦੀ ਛੁੱਟੀ ਸਮੇਂ ਟ੍ਰੈਫਿਕ ਜਾਮ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ।
ਕਈ ਵਾਰ ਸਕੂਲ ਵੈਨਾਂ ਅਤੇ ਬੱਸਾਂ ਸਮੇਂ ਸਿਰ ਨਹੀਂ ਪਹੁੰਚ ਸਕਦੀਆਂ। ਛੋਟੇ ਬੱਚਿਆਂ ਨੂੰ ਭਿਆਨਕ ਗਰਮੀ ’ਚ ਵਾਹਨਾਂ ’ਚ ਬੈਠੇ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ’ਤੇ ਵੀ ਅਸਰ ਪੈਂਦਾ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਹਰ ਰੋਜ਼ ਜਾਮ ਕਾਰਨ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਤੇ ਪ੍ਰਸ਼ਾਸਨ ਦੀ ਚੁੱਪੀ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਰਹੀ ਹੈ। ਲੋਕਾਂ ਨੇ ਆਸ ਜਤਾਈ ਕਿ ਪ੍ਰਸ਼ਾਸਨ ਇਸ ਗੰਭੀਰ ਮਸਲੇ ਨੂੰ ਤਰਜੀਹ ਦੇ ਕੇ ਜਲਦੀ ਕੋਈ ਢੁੱਕਵਾਂ ਹੱਲ ਕੱਢੇਗਾ ਤਾਂ ਜੋ ਪੱਟੀ ਸ਼ਹਿਰ ਦੇ ਲੋਕਾਂ ਨੂੰ ਰੋਜ਼ਾਨਾ ਦੀ ਇਸ ਵੱਡੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।
=======
ਐਮਰਜੈਂਸੀ ਸੇਵਾਵਾਂ ਲਈ ਵੀ ਵੱਡੀ ਰੁਕਾਵਟ
ਕਚਹਿਰੀ ਰੋਡ ’ਤੇ ਕਈ ਵੱਡੇ ਹਸਪਤਾਲ ਵੀ ਸਥਿਤ ਹਨ। ਇਨ੍ਹਾਂ ’ਚ ਭੁੱਲਰ ਹਸਪਤਾਲ, ਤ੍ਰੇਹਨ ਹਸਪਤਾਲ, ਮਨਜੀਤ ਹਸਪਤਾਲ, ਚੀਮਾ ਹਸਪਤਾਲ ਅਤੇ ਗੁਪਤਾ ਹਸਪਤਾਲ ਸ਼ਾਮਿਲ ਹਨ। ਹਸਪਤਾਲਾਂ ਦੇ ਨੇੜੇ ਟ੍ਰੈਫਿਕ ਜਾਮ ਕਾਰਨ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਐਂਬੂਲੈਂਸਾਂ ਨੂੰ ਵੀ ਜਾਮ ’ਚ ਫਸਣਾ ਪੈਂਦਾ ਹੈ ਤੇ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਮੁਸ਼ਕਿਲ ਹੋ ਜਾਂਦਾ ਹੈ। ਐਮਰਜੈਂਸੀ ਹਾਲਤ ਵਿਚ ਇਹ ਜਾਮ ਕਿਸੇ ਵੱਡੇ ਖ਼ਤਰੇ ਦਾ ਕਾਰਨ ਬਣ ਸਕਦਾ ਹੈ।
======
ਕਈ ਸਰਕਾਰੀ ਦਫ਼ਤਰ ਵੀ ਇਸੇ ਰੋਡ ’ਤੇ
ਇਹ ਸੜਕ ਸਿਰਫ ਸਕੂਲਾਂ ਤੇ ਹਸਪਤਾਲਾਂ ਲਈ ਹੀ ਮਹੱਤਵਪੂਰਨ ਨਹੀਂ, ਸਗੋਂ ਕਈ ਅਹਿਮ ਸਰਕਾਰੀ ਦਫਤਰ ਵੀ ਇਸੇ ਰੋਡ ’ਤੇ ਸਥਿਤ ਹਨ। ਡੀਐੱਸਪੀ ਦਫਤਰ, ਪੱਟੀ ਥਾਣਾ, ਨਗਰ ਕੌਂਸਲ ਦਫ਼ਤਰ, ਤਹਿਸੀਲ ਕੰਪਲੈਕਸ, ਐੱਸਡੀਐੱਮ ਕੰਪਲੈਕਸ ਤੇ ਪੱਟੀ ਬਲਾਕ ਦਾ ਦਫ਼ਤਰ ਵੀ ਇਸੇ ਸੜਕ ’ਤੇ ਹਨ। ਹਰ ਰੋਜ਼ ਸੈਂਕੜੇ ਲੋਕ ਆਪਣੇ ਸਰਕਾਰੀ ਕੰਮਾਂ ਲਈ ਇੱਥੇ ਆਉਂਦੇ ਹਨ। ਪਰ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
====
ਲੋਕਾਂ ਨੇ ਪ੍ਰਸ਼ਾਸਨ ’ਤੇ ਲਾਏ ਅਣਦੇਖੀ ਦੇ ਦੋਸ਼
ਸਥਾਨਕ ਵਸਨੀਕਾਂ ਤੇ ਵਪਾਰੀਆਂ ਨੇ ਪ੍ਰਸ਼ਾਸਨ ’ਤੇ ਅਣਦੇਖੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹੀਂ ਗੰਭੀਰ ਸਮੱਸਿਆ ਹੋਣ ਦੇ ਬਾਵਜੂਦ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਲੋਕਾਂ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦੀ ਕਮੀ ਤੇ ਬੇਤਰਤੀਬ ਪਾਰਕਿੰਗ ਕਾਰਨ ਹਾਲਤ ਹੋਰ ਵੀ ਖਰਾਬ ਹੋ ਰਹੀ ਹੈ।
======
ਟ੍ਰੈਫਿਕ ਪ੍ਰਬੰਧ ਸੁਧਾਰਨ ਲਈ ਕਦਮ ਚੁੱਕੇ ਜਾਣਗੇ
ਇਸ ਸਬੰਧੀ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਕਚਹਿਰੀ ਰੋਡ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਜਲਦ ਹੀ ਟ੍ਰੈਫਿਕ ਪ੍ਰਬੰਧ ਸੁਧਾਰਨ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
=======
ਲੋਕਾਂ ਦੀਆਂ ਮੁੱਖ ਮੰਗਾਂ
-ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਤੁਰੰਤ ਟ੍ਰੈਫਿਕ ਪ੍ਰਬੰਧ ਸੁਧਾਰਨ ਦੀ ਮੰਗ।
- ਕਚਹਿਰੀ ਰੋਡ ’ਤੇ ਟ੍ਰੈਫਿਕ ਪੁਲਿਸ ਕੀਤੀ ਜਾਵੇ ਤਾਇਨਾਤ।
- ਟਰੱਕਾਂ ਦੀ ਲੋਡਿੰਗ ਤੇ ਅਨਲੋਡਿੰਗ ਲਈ ਨਿਰਧਾਰਿਤ ਹੋਵੇ ਸਮਾਂ ਤੈਅ ।
-ਵਾਹਨਾਂ ਨੂੰ ਲਾਈਨ ਸਿਰ ਚਲਾਇਆ ਜਾਵੇ ਤੇ ਗ਼ਲਤ ਪਾਰਕਿੰਗ ਰੋਕੀ ਜਾਵੇ।
- ਬਿਨਾਂ ਨੰਬਰੀ ਵਾਹਨਾਂ ਦੇ ਚਲਾਨ ਕੱਟੇ ਜਾਣ, ਸਕੂਲ ਛੁੱਟੀ ਸਮੇਂ ਖਾਸ ਟ੍ਰੈਫਿਕ ਪ੍ਰਬੰਧ ਕੀਤੇ ਜਾਣ।
-ਐਮਰਜੈਂਸੀ ਵਾਹਨਾਂ ਲਈ ਰਸਤਾ ਯਕੀਨੀ ਬਣਾਇਆ ਜਾਵੇ।
===
ਪ੍ਰਸ਼ਾਸਨ ਨੂੰ ਤੁਰੰਤ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ : ਵਜੀਰ ਪਾਰਸ
ਸਮਾਜ ਸੇਵੀ ਵਜੀਰ ਸਿੰਘ ਪਾਰਸ ਨੇ ਕਿਹਾ ਕਿ ਪੱਟੀ ਦੇ ਕਚਹਿਰੀ ਰੋਡ ’ਤੇ ਲੱਗਣ ਵਾਲਾ ਟ੍ਰੈਫਿਕ ਜਾਮ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਿਆ ਹੈ। ਸਕੂਲੀ ਬੱਚੇ, ਮਰੀਜ਼ ਤੇ ਆਮ ਲੋਕ ਘੰਟਿਆਂ ਜਾਮ ’ਚ ਫਸੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਟ੍ਰੈਫਿਕ ਪੁਲਿਸ ਦੀ ਤਾਇਨਾਤੀ ਤੇ ਭਾਰੀ ਵਾਹਨਾਂ ਲਈ ਵੱਖਰੇ ਪ੍ਰਬੰਧ ਕੀਤੇ ਜਾਣ।
=====
ਪ੍ਰਸ਼ਾਸਨ ਦੀ ਅਣਦੇਖੀ ਕਾਰਨ ਵੱਧ ਰਹੀਆਂ ਨੇ ਮੁਸ਼ਕਿਲਾਂ : ਕਾਮਰੇਡ ਮਹਾਵੀਰ ਸਿੰਘ ਗਿੱਲ
ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਸ਼ਹਿਰ ’ਚ ਟ੍ਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਕਚਹਿਰੀ ਰੋਡ ’ਤੇ ਲੱਗਣ ਵਾਲਾ ਜਾਮ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲ ਤੇ ਸਕੂਲ ਇਸੇ ਰੋਡ ’ਤੇ ਹੋਣ ਕਾਰਨ ਹਾਲਾਤ ਹੋਰ ਗੰਭੀਰ ਬਣ ਰਹੇ ਹਨ। ਐਂਬੂਲੈਂਸਾਂ ਤੇ ਸਕੂਲੀ ਵਾਹਨਾਂ ਨੂੰ ਵੀ ਰਸਤਾ ਨਹੀਂ ਮਿਲਦਾ। ਉਨ੍ਹਾਂ ਮੰਗ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤੇ ਬਿਨਾਂ ਨੰਬਰੀ ਵਾਹਨਾਂ ’ਤੇ ਕਾਰਵਾਈ ਕੀਤੀ ਜਾਵੇ।