ਹਲਦੀ ਤੇ ਦਾਲਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੇ ਗੁਰ ਦੱਸੇ
ਖੇਤੀ ਵਿਚ ਨਵੀਂ ਸੋਚ ਤੇ ਤਕਨੀਕਾਂ ਨਾਲ ਕਿਸਾਨ ਆਪਣੀ ਆਮਦਨ ਨੂੰ ਕਈ ਗੁਣਾ ਵਧਾ ਸਕਦੇ ਹਨ।
Publish Date: Sat, 11 Apr 2026 04:38 PM (IST)
Updated Date: Sun, 12 Apr 2026 04:03 AM (IST)

ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਕਿਸਾਨ ਵੱਖ-ਵੱਖ ਸਹਾਇਕ ਧੰਦੇ ਅਪਣਾ ਰਹੇ ਹਨ। ਇਸੇ ਲੜੀ ਤਹਿਤ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਦੇ ਥਾਪੜਾ ਸਦਕਾ ਡਾ. ਯਾਦਵਿੰਦਰ ਸਿੰਘ ਸਰਕਲ ਇੰਚਾਰਜ ਜਲਾਲਾਬਾਦ ਵੱਲੋਂ ਪਿੰਡ ਨਾਗੋਕੇ ਵਿਖੇ ਪ੍ਰੋਸੈਸਿੰਗ ਯੂਨਿਟ ਚਲਾ ਰਹੇ ਕਿਸਾਨ ਕ੍ਰਿਸ਼ਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੂੰ ਹਲਦੀ ਤੇ ਦਾਲਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੇ ਗੁਰ ਦੱਸੇ ਗਏ। ਜ਼ਿਲ੍ਹਾ ਤਰਨਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਪਿੰਡ ਨਾਗੋਕੇ ਦੇ ਪ੍ਰਗਤੀਸ਼ੀਲ ਕਿਸਾਨ ਕ੍ਰਿਸ਼ਨ ਕੁਮਾਰ ਨੇ ਖੇਤੀ ਵਿਚ ਨਵੀਨਤਾ ਅਤੇ ਮਿਹਨਤ ਦਾ ਅਦਭੁੱਤ ਮਿਲਾਪ ਕਰਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉਹ 2013 ਤੋਂ ਲਗਾਤਾਰ ਮਲਚਿੰਗ ਤਕਨੀਕ ਨਾਲ ਹਲਦੀ ਦੀ ਕਾਸ਼ਤ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਦਾ ਨਾਮ ਖੇਤੀਬਾੜੀ ਵਿਚ ਸਫ਼ਲ ਕਿਸਾਨਾਂ ਦੀ ਸੂਚੀ ਵਿਚ ਸ਼ਾਮਿਲ ਹੋ ਚੁੱਕਾ ਹੈ। ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਫ਼ਸਲੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ 2012 ਤੋਂ ਤਰਜੀਹ ਦੇ ਰਹੇ ਹਨ। ਕ੍ਰਿਸ਼ਨ ਕੁਮਾਰ ਨੇ ਪਰੰਪਰਾਗਤ ਫਸਲਾਂ ਤੋਂ ਹਟ ਕੇ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ। ਸ਼ੁਰੂਆਤ ’ਚ ਚੁਣੌਤੀਆਂ ਆਈਆਂ, ਪਰ ਉਨ੍ਹਾਂ ਨੇ ਮਲਚਿੰਗ ਤਕਨੀਕ ਅਪਣਾਈ ਜਿਸ ਨਾਲ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ, ਘਾਹ-ਫੂਸ ਘੱਟ ਹੁੰਦਾ ਹੈ ਤੇ ਫ਼ਸਲ ਦੀ ਗੁਣਵੱਤਾ ’ਚ ਵੀ ਸੁਧਾਰ ਹੁੰਦਾ ਹੈ। ਇਸ ਤਕਨੀਕ ਨਾਲ ਉਨ੍ਹਾਂ ਦੀ ਪੈਦਾਵਾਰ ’ਚ ਮਹੱਤਵਪੂਰਨ ਵਾਧਾ ਹੋਇਆ ਤੇ ਲਾਗਤ ਵੀ ਘਟੀ। ਉਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਉਹ ਸਿਰਫ਼ ਕੱਚੀ ਹਲਦੀ ਵੇਚਣ ਤਕ ਸੀਮਿਤ ਨਹੀਂ ਰਹੇ, ਸਗੋਂ ਖੁਦ ਹੀ ਪ੍ਰੋਸੈਸਿੰਗ ਕਰਦੇ ਹਨ। ਉਹ ਹਲਦੀ ਨੂੰ ਸਾਫ਼ ਕਰ ਕੇ, ਉਬਾਲ ਕੇ, ਸੁਕਾ ਕੇ ਤੇ ਪੀਸ ਕੇ ਉੱਚ ਗੁਣਵੱਤਾ ਵਾਲੀ ਹਲਦੀ ਪਾਊਡਰ ਤਿਆਰ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਮਾਰਕੀਟ ਵਿਚ ਵਧੀਆ ਕੀਮਤ ਮਿਲਦੀ ਹੈ ਤੇ ਉਨ੍ਹਾਂ ਦੀ ਆਮਦਨ ਵਿਚ ਕਾਫ਼ੀ ਵਾਧਾ ਹੋਇਆ ਹੈ। ਕ੍ਰਿਸ਼ਨ ਕੁਮਾਰ ਨੇ ਆਪਣੇ ਤਜ਼ਰਬੇ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਜੇ ਕਿਸਾਨ ਨਵੀਂ ਤਕਨੀਕਾਂ ਅਪਣਾਉਣ ਅਤੇ ਮੁੱਲ ਵੱਧੂ ਪ੍ਰਕਿਰਿਆਵਾਂ ਵੱਲ ਧਿਆਨ ਦੇਣ, ਤਾਂ ਖੇਤੀਬਾੜੀ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਅੱਜ ਉਹ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ। ਡਾ. ਯਾਦਵਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ ਅਤੇ ਗੁਰਪ੍ਰਤਾਪ ਸਿੰਘ ਫੀਲਡ ਸਹਾਇਕ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਇਹ ਸਫ਼ਲਤਾ ਕਹਾਣੀ ਨਾ ਸਿਰਫ ਕਿਸਾਨਾਂ ਨੂੰ ਪ੍ਰੇਰਿਤ ਕਰਦੀ ਹੈ, ਸਗੋਂ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ’ਚ ਮੁੱਖ ਖੇਤੀਬਾੜੀ ਅਫਸਰ ਅਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਬਲਜੀਤ ਸਿੰਘ ਖਹਿਰਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਫ਼ਲਤਾ ਦੀ ਕਹਾਣੀ ਇਹ ਵੀ ਦਰਸਾਉਂਦੀ ਹੈ ਕਿ ਖੇਤੀ ਵਿਚ ਨਵੀਂ ਸੋਚ ਤੇ ਤਕਨੀਕਾਂ ਨਾਲ ਕਿਸਾਨ ਆਪਣੀ ਆਮਦਨ ਨੂੰ ਕਈ ਗੁਣਾ ਵਧਾ ਸਕਦੇ ਹਨ।