ਨਿਸ਼ਾਨ-ਏ-ਸਿੱਖੀ ਦੇ ਤਿੰਨ ਵਿਦਿਆਰਥੀਆਂ ਨੇ ਸੀਡੀਐੱਸ 2026 ਲਿਖਤੀ ਪ੍ਰੀਖਿਆ ਕੀਤੀ ਪਾਸ
ਸਫ਼ਲ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਹੋਰ ਵੱਡੀਆਂ ਮੰਜ਼ਿਲਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
Publish Date: Mon, 11 May 2026 04:08 PM (IST)
Updated Date: Tue, 12 May 2026 04:03 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਨਿਸ਼ਾਨ-ਏ-ਸਿੱਖੀ ਦੇ ਤਿੰਨ ਵਿਦਿਆਰਥੀਆਂ- ਗੁਰਵੀਨ ਕੌਰ, ਗੁਰਹਿੰਮਤਬੀਰ ਸਿੰਘ ਤੇ ਜਸਸਿਮਰਨ ਸਿੰਘ ਨੇ ਯੂਪੀਐੱਸਸੀ ਸੀਡੀਐੱਸ ਲਿਖਤੀ ਪ੍ਰੀਖਿਆ, ਓਟੀਏ ਅਫ਼ਸਰ ਟ੍ਰੇਨਿੰਗ ਅਕੈਡਮੀ ਲਈ ਸਫ਼ਲਤਾਪੂਰਵਕ ਪਾਸ ਕੀਤੀ ਹੈ। ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਇਕ ਚੈਰੀਟੇਬਲ ਸੰਸਥਾ ਹੈ ਜੋ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਹੈ। ਸੰਸਥਾ ਦੇ ਡਾਇਰੈਕਟਰ ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀ ਯੂਪੀਐੱਸਸੀ, ਪੀਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਲਈ ਪੇਸ਼ੇਵਰਾਨਾ ਤੌਰ ਤੇ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀਡੀਐੱਸ 2026 ਲਿਖਤੀ ਪ੍ਰੀਖਿਆ ਪਾਸ ਕਰਨ ਨਾਲ ਇਨ੍ਹਾਂ ਦੇ ਹੌਸਲੇ ਨੂੰ ਭਾਰੀ ਹੁਲਾਰਾ ਮਿਲੇਗਾ ਤੇ ਭਵਿੱਖ ’ਚ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਮਾਰਟ ਤੇ ਕੇਂਦਰਿਤ ਪਹੁੰਚ ਅਪਣਾਉਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਸਫ਼ਲ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਹੋਰ ਵੱਡੀਆਂ ਮੰਜ਼ਿਲਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ ਨੌਜਵਾਨਾਂ ਨੂੰ ਯੂਪੀਐੱਸਸੀ ਪੀਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ, ਸੀਡੀਐੱਸ, ਐੱਨਡੀਏ, ਨੀਟ, ਜੇਈਈ ਤੇ ਪੁਲਿਸ ਤੇ ਅਰਧ-ਸੈਨਿਕ ਬਲਾਂ ਦੀਆਂ ਭਰਤੀਆਂ ਸਮੇਤ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਉੱਤਮਤਾ ਪ੍ਰਾਪਤ ਕਰਨ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚਾ ਤੇ ਸਰੋਤ ਮੁਹੱਈਆ ਕਰਵਾਉਂਦੀ ਹੈ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ ਦੁਆਰਾ ਸਪਾਂਸਰ ਕੀਤੇ ਯੂਪੀਐੱਸਸੀ ਟ੍ਰੇਨਿੰਗ ਪ੍ਰੋਗਰਾਮ ਅਧੀਨ ਸਿਖਲਾਈ ਪ੍ਰਾਪਤ ਕਰ ਰਹੇ ਹਨ।