ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਤਿੰਨ ਵਿਦਿਆਰਥੀਆਂ ਨੇ ਬਾਰਵੀਂ ਸਾਇੰਸ ’ਚ ਮਾਰੀ ਬਾਜ਼ੀ
ਸਾਇੰਸ ਸਟਰੀਮ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ
Publish Date: Wed, 13 May 2026 06:23 PM (IST)
Updated Date: Thu, 14 May 2026 04:06 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਵਿਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਤੌਰ ‘ਤੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਕੂਲ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਦੇ ਨੇੜੇ ਅੰਕ ਪ੍ਰਾਪਤ ਕਰਦਿਆਂ ਭਵਿੱਖ ਲਈ ਵੱਡੇ ਸੁਪਨੇ ਵੀ ਸਾਂਝੇ ਕੀਤੇ ਹਨ। ਸਕੂਲ ਦੀ ਵਿਦਿਆਰਥਣ ਮਨਸਿਮਰਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 500 ਵਿੱਚੋਂ 485 ਅੰਕ ਹਾਸਿਲ ਕਰਕੇ 97 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਉਸਦੇ ਪਿਤਾ ਗਣਿਤ ਗੁਰਸੇਵਕ ਸਿੰਘ ਅਧਿਆਪਕ ਹਨ ਜਦਕਿ ਮਾਤਾ ਸੁਖਬੀਰ ਕੌਰ ਸਰਕਾਰੀ ਹਸਪਤਾਲ ਘਰਿਆਲਾ ’ਚ ਸੇਵਾ ਨਿਭਾ ਰਹੇ ਹਨ। ਮਨਸਿਮਰਤ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਤੇ ਅਧਿਆਪਕਾਂ ਦੀ ਅਗਵਾਈ ਨੂੰ ਦਿੱਤਾ। ਉਸ ਨੇ ਦੱਸਿਆ ਕਿ ਉਸਦਾ ਸੁਪਨਾ ਇੰਜੀਨੀਅਰ ਬਣ ਕੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਹੈ। ਇਸ ਮੌਕੇ ਮਾਤਾ-ਪਿਤਾ ਵੱਲੋਂ ਲੜਕੀ ਦਾ ਮੂੰਹ ਮਿੱਠਾ ਕਰਵਾਇਆ ਗਿਆ। ==== ਸਾਈ ਕੇਸ਼ਵ ਸ਼ਰਮਾ ਨੇ 96.5 ਫ਼ੀਸਦੀ ਅੰਕਾਂ ਨਾਲ ਹਾਸਿਲ ਕੀਤਾ ਦੂਜਾ ਸਥਾਨ ਇਸੇ ਤਰ੍ਹਾਂ ਸਾਈ ਕੇਸ਼ਵ ਸ਼ਰਮਾ ਨੇ 500 ਵਿੱਚੋਂ 482 ਅੰਕ ਪ੍ਰਾਪਤ ਕਰ ਕੇ 96.5 ਫ਼ੀਸਦੀ ਨਤੀਜਾ ਹਾਸਿਲ ਕੀਤਾ। ਸਾਈ ਕੇਸ਼ਵ ਸ਼ਰਮਾ ਦੇ ਪਿਤਾ ਅਨਿਲ ਕੁਮਾਰ ਸ਼ਰਮਾ ਰਿਟਾਇਰਡ ਐਕਸੀਅਨ ਹਨ ਜਦਕਿ ਮਾਤਾ ਚੰਚਲ ਸ਼ਰਮਾ ਹਿੰਦੀ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ। ਸਾਈ ਕੇਸ਼ਵ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱਤਾ। ਉਸ ਨੇ ਕਿਹਾ ਕਿ ਉਹ ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਆਧੁਨਿਕ ਤਕਨਾਲੋਜੀ ਦੇ ਖੇਤਰ ਵਿਚ ਨਵੀਆਂ ਉਪਲਬਧੀਆਂ ਹਾਸਿਲ ਕਰਨ ਦਾ ਇਰਾਦਾ ਰੱਖਦਾ ਹੈ। ਇਸ ਖੁਸ਼ੀ ਵਿਚ ਉਸਦੇ ਮਾਤਾ-ਪਿਤਾ ਨੇ ਉਸ ਨੂੰ ਆਸ਼ੀਰਵਾਦ ਦਿੱਤਾ। ==== ਪ੍ਰਣਤਾ ਸ਼ਰਮਾ ਨੇ ਵੀ 96 ਫ਼ੀਸਦੀ ਅੰਕਾਂ ਨਾਲ ਬਣਾਈ ਵਿਸ਼ੇਸ਼ ਪਛਾਣ ਸਕੂਲ ਦੀ ਹੋਣਹਾਰ ਵਿਦਿਆਰਥਣ ਪ੍ਰਣਤਾ ਸ਼ਰਮਾ ਨੇ 500 ਵਿੱਚੋਂ 480 ਅੰਕ ਪ੍ਰਾਪਤ ਕਰ ਕੇ 96 ਫ਼ੀਸਦੀ ਨਤੀਜਾ ਹਾਸਿਲ ਕੀਤਾ। ਪ੍ਰਣਤਾ ਸ਼ਰਮਾ ਦੇ ਪਿਤਾ ਅਰੁਣ ਕੁਮਾਰ ਸ਼ਰਮਾ ਸਾਇੰਸ ਮਾਸਟਰ ਹਨ ਜਦਕਿ ਮਾਤਾ ਨੀਰੂ ਸ਼ਰਮਾ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ। ਪ੍ਰਣਤਾ ਨੇ ਕਿਹਾ ਕਿ ਉਸ ਦਾ ਟੀਚਾ ਕੰਪਿਊਟਰ ਇੰਜੀਨੀਅਰ ਬਣਨਾ ਹੈ ਤੇ ਉਹ ਉੱਚ ਸਿੱਖਿਆ ਹਾਸਿਲ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ==== ਸਕੂਲ ਪ੍ਰਿੰਸੀਪਲ ਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਮੁਬਾਰਕਾਂ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਰਸ਼ਰਨ ਸਿੰਘ ਨੇ ਤਿੰਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਹਰ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਨਵੇਂ ਮਾਪਦੰਡ ਸਥਾਪਿਤ ਕਰ ਰਹੇ ਹਨ। ਇਸ ਮੌਕੇ ਸਕੂਲ ਦੇ ਸਟਾਫ ਡਾ. ਇੰਦਰਪ੍ਰੀਤ ਧਾਮੀ, ਰਾਜੀਵ ਕੁਮਾਰ, ਚਰਨਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅਧਿਆਪਕਾਂ ਨੇ ਕਿਹਾ ਕਿ ਇਹ ਨਤੀਜੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣਨਗੇ। ==== ਮਾਪਿਆਂ ਤੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਕਾਰਨ ਮਾਪਿਆਂ ਅਤੇ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਲੋਕਾਂ ਨੇ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਸਮਾਜ ਦਾ ਭਵਿੱਖ ਹਨ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਵੀ ਵਿਦਿਆਰਥੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ।