ਪੇਕੇ ਘਰ ਗਈ ਸੀ ਔਰਤ, ਪਿੱਛੋਂ ਚੋਰਾਂ ਨੇ ਕਰ ਦਿੱਤਾ ਘਰ ’ਤੇ ਹੱਥ ਸਾਫ਼
ਪੁਲਿਸ ਨੇ ਤਿੰਨ ਚੋਰਾਂ ਦੀ ਪਛਾਣ ਕਰਦਿਆਂ ਉਨ੍ਹਾਂ ਖ਼ਿਲਾਫ਼ ਜਿੱਥੇ ਕੇਸ ਦਰਜ ਕੀਤਾ ਹੈ, ਉੱਥੇ ਹੀ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
Publish Date: Sat, 02 May 2026 07:33 PM (IST)
Updated Date: Sun, 03 May 2026 04:15 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਭੁੱਚਰ ਕਲਾਂ ਵਿਖੇ ਚੋਰਾਂ ਵੱਲੋਂ ਇਕ ਘਰ ਵਿੱਚੋਂ ਸੋਨੇ ਦੇ ਗਹਿਣੇ, ਨਕਦੀ, ਰਸੋਈ ਦਾ ਸਾਮਾਨ, ਐੱਲਸੀਡੀ ਤੇ ਕੱਪੜਿਆਂ ਸਮੇਤ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਹੈ। ਇਹ ਚੋਰੀ ਉਸ ਵੇਲੇ ਕੀਤੀ ਗਈ ਜਦੋਂ ਮਹਿਲਾ ਘਰ ਬੰਦ ਕਰ ਕੇ ਕੁਝ ਦਿਨ ਲਈ ਆਪਣੇ ਪੇਕੇ ਘਰ ਗਈ ਸੀ। ਦੂਜੇ ਪਾਸੇ ਪੁਲਿਸ ਨੇ ਤਿੰਨ ਚੋਰਾਂ ਦੀ ਪਛਾਣ ਕਰਦਿਆਂ ਉਨ੍ਹਾਂ ਖ਼ਿਲਾਫ਼ ਜਿੱਥੇ ਕੇਸ ਦਰਜ ਕੀਤਾ ਹੈ, ਉੱਥੇ ਹੀ ਦੋ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਸਤਨਾਮ ਕੌਰ ਪਤਨੀ ਸਵ. ਸਰਬਜੀਤ ਸਿੰਘ ਵਾਸੀ ਭੁੱਚਰ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 22 ਅਪ੍ਰੈਲ ਨੂੰ ਆਪਣੇ ਪੇਕੇ ਘਰ ਭਕਨਾ ਕਲਾਂ ਗਈ ਸੀ। 1 ਮਈ ਨੂੰ ਜਦੋਂ ਉਹ ਘਰ ਵਾਪਸ ਪਰਤੀ ਤਾਂ ਵੇਖਿਆ ਕਿ ਰਸੋਈ ਦੀਆਂ ਖਿੜਕੀਆਂ ਟੁੱਟੀਆਂ ਸਨ। ਜਦੋਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਦਾ ਤਾਲਾ ਟੁੱਟਾ ਮਿਲਿਆ, ਜਿਸ ਵਿੱਚੋਂ ਇਕ ਤੋਲੇ ਸੋਨੇ ਦੇ ਕਾਂਟੇ, ਦਸ ਹਜ਼ਾਰ ਰੁਪਏ ਦੀ ਨਕਦੀ ਗ਼ਾਇਬ ਸੀ। ਜਦੋਂਕਿ ਰਸੋਈ ’ਚੋਂ ਦੋ ਸਿਲੰਡਰ, ਇਕ ਜੂਸਰ, ਇਕ ਇੰਡਕਸ਼ਨ ਚੁੱਲ੍ਹਾ, ਡਿਨਰ ਸੈੱਟ ਵੀ ਗ਼ਾਇਬ ਮਿਲਿਆ। ਇਸੇ ਤਰ੍ਹਾਂ ਉਸ ਦੇ ਕਮਰੇ ’ਚੋਂ 32 ਇੰਚ ਦੀ ਐੱਲਸੀਡੀ, ਪੇਟੀ ’ਚੋਂ ਚਾਰ ਔਰਤਾਂ ਦੇ ਸੂਟ, ਚਾਰ ਪੱਗਾਂ, 6 ਪੁਰਸ਼ਾਂ ਦੇ ਸੂਟ, ਦੋ ਗਲੀਚੇ ਵੀ ਚੋਰੀ ਹੋ ਚੁੱਕੇ ਸਨ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਚੋਰੀ ਗੁਰਲਾਲ ਸਿੰਘ ਪੁੱਤਰ ਬਲਵਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਦਿਆਲ ਸਿੰਘ ਤੇ ਹੈਪੀ ਪੁੱਤਰ ਸੀਤੂ ਵਾਸੀ ਭੁੱਚਰ ਖੁਰਦ ਨੇ ਕੀਤੀ ਹੈ। ਉੱਧਰ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਝਬਾਲ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਗੁਰਲਾਲ ਸਿੰਘ ਤੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੈਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚੋਰੀ ਕੀਤੇ ਸਾਮਾਨ ਦੀ ਬਰਾਮਦਗੀ ਲਈ ਵੀ ਕਾਰਵਾਈ ਜਾਰੀ ਹੈ।