ਗੁਦਾਮ ਕਸਬਾ ਖਾਲੜਾ ਦੀ ਸੰਘਣੀ ਆਬਾਦੀ ਵਾਲੇ ਬਾਜ਼ਾਰ ਤੋਂ ਕੁਝ ਕੁ ਦੂਰੀ ’ਤੇ ਸਥਿਤ ਹਨ। ਲਗਭਗ ਢਹਿ ਚੁੱਕੀ ਚਾਰਦੀਵਾਰੀ ਵਾਲੇ ਇਹ ਗੁਦਾਮ ਨਸ਼ੇੜੀਆਂ ਦੀ ਪਨਾਹਗਾਹ ਬਣ ਕੇ ਰਹਿ ਗਏ ਹਨ।

ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੇ ਨੁਮਾਇੰਦੇ ਜਿੱਥੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉੱਥੇ ਹੀ ਹਲਕਾ ਖੇਮਕਰਨ ਦੇ ਸਰਹੱਦੀ ਕਸਬਾ ਖਾਲੜਾ ਦੀ ਗੱਲ ਕਰੀਏ ਤਾਂ ਕਸਬਾ ਤੇ ਆਸ-ਪਾਸ ਦੇ ਸਰਹੱਦ ਨਾਲ ਲੱਗਦੇ ਪਿੰਡਾਂ ’ਚ ਸ਼ਰੇਆਮ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਚੁੱਕੇ ਹਨ। ਇਹ ਨਸ਼ਾ ਕਰਨ ਦੇ ਨਾਲ ਹਰ ਰੋਜ਼ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈ ਕੇ ਦਿਨ-ਦਿਹਾੜੇ ਕੋਈ ਨਾ ਕੋਈ ਵਾਰਦਾਤ ਨੂੰ ਅੰਜ਼ਾਮ ਦਿੰਦੇ ਦਿਖਾਈ ਦਿੰਦੇ ਹਨ।
ਸਰਹੱਦੀ ਕਸਬਾ ਖਾਲੜਾ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਲੱਗਦੇ ਦੋ-ਤਿੰਨ ਪਿੰਡਾਂ ਨੂੰ ਖੇਤੀਬਾੜੀ ਲਈ ਖਾਦ, ਬੀਜ ਤੇ ਕੀਟਨਾਸ਼ਕ ਦਵਾਈਆਂ ਵਗੈਰਾ ਮੁਹੱਈਆ ਕਰਵਾਉਣ ਵਾਸਤੇ ਸਾਲ 1985 ’ਚ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸੁਸਾਇਟੀ ਦੇ ਗੁਦਾਮ ਬਣਵਾਏ ਗਏ ਸਨ। ਇਹ ਗੁਦਾਮ ਕਿਸਾਨਾਂ ਲਈ ਕਿੰਨੇ ਕੁ ਲਾਹੇਵੰਦ ਹੋਏ, ਇਸ ਦਾ ਪਤਾ ਨਹੀਂ ਪਰ ਇਸ ਵੇਲੇ ਇਨ੍ਹਾਂ ਗੁਦਾਮਾਂ ਦੀ ਵਰਤੋਂ ਨਸ਼ੇੜੀ ਲੋਕ ਟੀਕੇ ਲਾਉਣ ਜਾਂ ਚਿੱਟਾ ਪੀਣ ਲਈ ਕਰ ਰਹੇ ਹਨ। ਇਹ ਗੁਦਾਮ ਕਸਬਾ ਖਾਲੜਾ ਦੀ ਸੰਘਣੀ ਆਬਾਦੀ ਵਾਲੇ ਬਾਜ਼ਾਰ ਤੋਂ ਕੁਝ ਕੁ ਦੂਰੀ ’ਤੇ ਸਥਿਤ ਹਨ। ਲਗਭਗ ਢਹਿ ਚੁੱਕੀ ਚਾਰਦੀਵਾਰੀ ਵਾਲੇ ਇਹ ਗੁਦਾਮ ਨਸ਼ੇੜੀਆਂ ਦੀ ਪਨਾਹਗਾਹ ਬਣ ਕੇ ਰਹਿ ਗਏ ਹਨ।
====
ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰੇ ਸਰਕਾਰ ਤੇ ਪ੍ਰਸ਼ਾਸਨ : ਜੰਡ
ਕਸਬਾ ਖਾਲੜਾ ਦੇ ਸਮਾਜ ਸੇਵੀ ਸਤਨਾਮ ਸਿੰਘ ਜੰਡ ਦਾ ਕਹਿਣਾ ਹੈ ਕਿ ਬੇਅਬਾਦ ਪਈ ਇਸ ਸੁਸਾਇਟੀ ਦੇ ਗੁਦਾਮ ’ਚ ਨਸ਼ੇੜੀਆਂ ਵੱਲੋਂ ਵਰਤ ਕੇ ਸੁੱਟੀਆਂ ਸਰਿੰਜਾਂ, ਸੂਈਆਂ, ਚਿੱਟਾ ਪੀਣ ਲਈ ਵਰਤੀਆਂ ਪੰਨੀਆਂ ਤੇ ਹੋਰ ਸਾਮਾਨ ਆਮ ਹੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀਜੀਪੀ ਗੌਰਵ ਯਾਦਵ, ਐੱਸਐੱਸਪੀ ਸੁਰੇਂਦਰ ਲਾਂਬਾ, ਡਿਪਟੀ ਕਮਿਸ਼ਨਰ ਰਾਹੁਲ ਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਅਪੀਲ ਕੀਤੀ ਕਿ ਕਸਬਾ ਖਾਲੜਾ ’ਚ ਵਿਕਦੇ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਦਾ ਇਲਾਜ ਕਰਵਾ ਕੇ ਮੁੱਖ ਧਾਰਾ ’ਚ ਲਿਆਉਣ ਲਈ ਯਤਨ ਕੀਤੇ ਜਾਣ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
=====
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕੀਤਾ ਜਾ ਰਿਹਾ ਸਖ਼ਤੀ ਨਾਲ ਲਾਗੂ : ਐੱਸਐੱਸਪੀ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਤਰਨਤਾਰਨ ਜ਼ਿਲ੍ਹੇ ’ਚ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਤਰਨਤਾਰਨ ਪੁਲਿਸ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਐੱਨਡੀਪੀਐੱਸ ਦੇ 117 ਮੁੱਕਦਮੇ ਦਰਜ ਕਰ ਕੇ 121 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 19 ਕਿੱਲੋ 908 ਗ੍ਰਾਮ ਹੈਰੋਇਨ, 3160 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਤੇ ਵੱਡੀਆਂ ਮੱਛੀਆਂ ’ਤੇ ਕਾਬੂ ਪਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ।