ਪੱਛਮੀ ਬੰਗਾਲ ਤੇ ਅਸਾਮ ਦੀ ਜਿੱਤ ਨੇ ਮੋਦੀ ਦੀਆਂ ਨੀਤੀਆਂ ’ਤੇ ਮੋਹਰ ਲਾਈ : ਅਰੋੜਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ 14 ਸਾਲਾਂ ’ਚ ਜੋ ਪ੍ਰਗਤੀ ਕੀਤੀ, ਉਹ ਕਾਂਗਰਸ ’ਤੇ ਲੰਮੇ ਸੈਸ਼ਨ ਦੌਰਾਨ ਵੀ ਨਹੀਂ ਸੀ ਹੋ ਸਕੀ।
Publish Date: Mon, 04 May 2026 06:10 PM (IST)
Updated Date: Tue, 05 May 2026 04:09 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੱਛਮੀ ਬੰਗਾਲ ਤੇ ਅਸਾਮ ਦੇ ਵੋਟਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ ਇਕ ਤਰਫਾ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦਾ ਹਰ ਕੋਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਤੇ ਸੰਤੁਸ਼ਟ ਹੈ। ਉਨ੍ਹਾਂ ਦੀਆਂ ਇਸੇ ਨੀਤੀਆਂ ’ਤੇ ਹੀ ਦੋਵਾਂ ਰਾਜਾਂ ਦੇ ਲੋਕਾਂ ਨੇ ਮੋਹਰ ਲਾ ਕੇ ਪਾਰਟੀ ਨੂੰ ਦੇਸ਼ ਭਰ ’ਚ ਮਜ਼ਬੂਤੀ ਵੱਲ ਵਧਾ ਦਿੱਤਾ ਹੈ। ਇਹ ਪ੍ਰਗਟਾਵਾ ਭਾਜਪਾ ਬੁੱਧੀਜੀਵੀ ਵਿੰਗ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਚਾਰਜ ਐਡਵੋਕੇਟ ਰਾਕੇਸ਼ ਰਮਨ ਅਰੋੜਾ ਨੇ ਕੀਤਾ। ਐਡਵੋਕੇਟ ਅਰੋੜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਦੇਸ਼ ਨੂੰ ਤਰੱਕੀ ’ਤੇ ਹੀ ਨਹੀਂ ਪਹੁੰਚਾਇਆ। ਬਲਕਿ ਪੂਰੀ ਦੁਨੀਆ ’ਚ ਭਾਰਤ ਦਾ ਡੰਕਾ ਵਜਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ 14 ਸਾਲਾਂ ’ਚ ਜੋ ਪ੍ਰਗਤੀ ਕੀਤੀ, ਉਹ ਕਾਂਗਰਸ ’ਤੇ ਲੰਮੇ ਸੈਸ਼ਨ ਦੌਰਾਨ ਵੀ ਨਹੀਂ ਸੀ ਹੋ ਸਕੀ। ਅਰੋੜਾ ਨੇ ਅੱਗੇ ਕਿਹਾ ਕਿ ਸਮੁੱਚਾ ਦੇਸ਼ ਭਾਰਤੀ ਜਨਤਾ ਪਾਰਟੀ ਵੱਲ ਵੇਖ ਰਿਹਾ ਹੈ ਤੇ ਆਪਣਾ ਸਮਰਥਨ ਵੀ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਦੇ ਲੋਕ ਵੀ ਵੱਖ-ਵੱਖ ਸਰਕਾਰਾਂ ਤੋਂ ਅੱਕ ਚੁੱਕੇ ਹਨ ਤੇ ਅੱਜ ਪੰਜਾਬ ਦੇ ਜੋ ਹਾਲਾਤ ਹਨ, ਉਨ੍ਹਾਂ ਤੋਂ ਨਿਜਾਤ ਕੇਵਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਦਿਵਾ ਸਕਦੀ ਹੈ। ਐਡਵੋਕੇਟ ਅਰੋੜਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਸਰਬੋਤਮ ਪਾਰਟੀ ਬਣ ਚੁੱਕੀ ਭਾਜਪਾ ਦਾ ਸਾਥ ਦੇਣ ਤਾਂ ਜੋ ਇਸ ਖਿੱਤੇ ਦਾ ਵਿਕਾਸ ਵੀ ਹੋਰਾਂ ਰਾਜਾਂ ਦੀ ਤਰਜ਼ ’ਤੇ ਹੋ ਸਕੇ। ਉਨ੍ਹਾਂ ਨੇ ਪੱਛਮੀ ਬੰਗਾਲ ਤੇ ਅਸਾਮ ’ਚ ਮਿਲੀ ਜਿੱਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਮੁੱਚੀ ਭਾਜਪਾ ਲੀਡਰਸ਼ਿਪ ਨੂੰ ਵਧਾਈ ਵੀ ਦਿੱਤੀ।