ਸੂਰਜ ਦੇਵਤਾ ਨੇ ਦਿਖਾਏ ਤੇਵਰ, ਸੋਮਵਾਰ ਨੂੰ ਪਾਰਾ 41 ਤੋਂ ਪਾਰ
ਕੜਕਦੀ ਧੁੱਪ ਦੌਰਾਨ ਰਾਹਗੀਰ ਕੁਝ ਸਮੇਂ ਦੀ ਰਾਹਤ ਲੈਣ ਵਾਸਤੇ ਛਾਂ ਭਾਲਦੇ ਵੀ ਦਿਖਾਈ ਦਿੱਤੇ। ਜਦੋਂਕਿ ਠੰਢੇ ਤਰਲ ਪਦਾਰਥਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਅੱਗੇ ਵੀ ਲੋਕਾਂ ਦੀ ਭੀੜ ਦਿਖਾਈ ਦਿੱਤੇ।
Publish Date: Mon, 27 Apr 2026 06:42 PM (IST)
Updated Date: Tue, 28 Apr 2026 04:11 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਬੇਸ਼ੱਕ ਅਜੇ ਅਪ੍ਰੈਲ ਦਾ ਮਹੀਨਾ ਹੀ ਚੱਲ ਰਿਹਾ ਹੈ ਪਰ ਸੂਰਜ ਦੇਵਤਾ ਨੇ ਆਪਣੇ ਤੇਵਰ ਤਿੱਖੇ ਕਰ ਲਏ ਹਨ ਤੇ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਜਿਵੇਂ ਹੀ ਪਾਰਾ 41 ਤੋਂ ਪਾਰ ਹੋਇਆ ਤਾਂ ਅੰਤਾਂ ਦੀ ਅਸਮਾਨੋਂ ਵਰ੍ਹਦੀ ਅੱਗ ਨੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਦਿਨ ਦੇ ਚੜ੍ਹਨ ਨਾਲ ਜਿਵੇਂ-ਜਿਵੇਂ ਪਾਰਾ ਉੱਪਰ ਵੱਲ ਗਿਆ, ਉਵੇਂ ਹੀ ਸੜਕਾਂ ਤੋਂ ਲੋਕ ਵੀ ਗ਼ਾਇਬ ਹੋਣੇ ਸ਼ੁਰੂ ਹੋ ਗਏ ਤੇ ਕਈ ਸੜਕਾਂ ’ਤੇ ਤਾਂ ਕਰਫਿਊ ਵਰਗਾ ਮਾਹੌਲ ਦਿਖਾਈ ਦਿੱਤਾ। ਕਈ ਦਿਨਾਂ ਤੋਂ ਪੈ ਰਹੀ ਇਸ ਗਰਮੀ ਦੇ ਚੱਲਦਿਆਂ ਲੋਕ ਪਰੇਸ਼ਾਨੀ ’ਚ ਹਨ। ਦੁਪਹਿਰ ਹੁੰਦਿਆਂ ਹੀ ਸੜਕਾਂ ਤੋਂ ਲੋਕ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਵੇਖਦੇ ਹੀ ਵੇਖਦੇ ਬਾਜ਼ਾਰਾਂ ’ਚ ਵੀ ਰੌਣਕ ਘਟਣੀ ਸ਼ੁਰੂ ਹੋ ਜਾਂਦੀ ਹੈ। ਗਰਮੀ ਤੋਂ ਬਚਣ ਲਈ ਲੋਕ ਇਕ ਤਰ੍ਹਾਂ ਨਾਲ ਘਰਾਂ ’ਚ ਹੀ ਕੈਦ ਹੋ ਕੇ ਰਹਿ ਗਏ ਹਨ। ਹਾਲਾਂਕਿ ਜ਼ਰੂਰੀ ਕੰਮਾਂ ਲਈ ਬਾਹਰ ਜਾਣ ਵਾਲੇ ਲੋਕ ਤਪਦੀ ਗਰਮੀ ਤੇ ਲੂ ਤੋਂ ਬਚਣ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਦਿਖਾਈ ਦਿੱਤੇ। ਕੜਕਦੀ ਧੁੱਪ ਦੌਰਾਨ ਰਾਹਗੀਰ ਕੁਝ ਸਮੇਂ ਦੀ ਰਾਹਤ ਲੈਣ ਵਾਸਤੇ ਛਾਂ ਭਾਲਦੇ ਵੀ ਦਿਖਾਈ ਦਿੱਤੇ। ਜਦੋਂਕਿ ਠੰਢੇ ਤਰਲ ਪਦਾਰਥਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਅੱਗੇ ਵੀ ਲੋਕਾਂ ਦੀ ਭੀੜ ਦਿਖਾਈ ਦਿੱਤੇ। ਦੂਜੇ ਪਾਸੇ ਰਿਕਸ਼ਾ ਚਲਾ ਕੇ ਜਾਂ ਰੇਹੜੀਆਂ ਆਦਿ ਲਾ ਕੇ ਆਪਣੀ ਜੀਵਿਕਾ ਚਲਾਉਣ ਵਾਲੇ ਇਸ ਗਰਮੀ ਤੋਂ ਵੱਧ ਪਰੇਸ਼ਾਨ ਦਿਖਾਈ ਦਿੱਤੇ। ਨਿਰਮਾਣ ਮਜਦੂਰ ਹੋਣ ਜਾਂ ਖੇਤਾਂ ’ਚ ਇਸ ਵੇਲੇ ਤੂੜੀ ਬਣਾਉਣ ਦੇ ਕੰਮ ’ਚ ਲੱਗੇ ਲੋਕ, ਸੋਮਵਾਰ ਨੂੰ ਤਪਦੀ ਗਰਮੀ ਤੋਂ ਪ੍ਰਭਾਵਿਤ ਦਿਖਾਈ ਦਿੱਤਾ। ਤਿੱਖੜ ਦੁਪਹਿਰੇ ਤੂੜੀ ਬਣਾਉਣ ਲਈ ਮਸ਼ੀਨ ਚਲਾਉਣ ਵਾਲਿਆਂ ਨੇ ਕੱਪੜੇ ਨਾਲ ਸਿਰ ਤੇ ਮੂੰਹ ਢੱਕਣ ਦੇ ਯਤਨ ਤਾਂ ਕੀਤੇ। ਨਾਲ ਹੀ ਤੂੜੀ ਨੂੰ ਸੰਭਾਲਣ ਵਾਲੇ ਮਜ਼ਦੂਰ ਵੀ ਗਰਮੀ ’ਚ ਡਿਗੂੰ-ਡਿਗੂੰ ਕਰਦੇ ਰਹੇ। ਹਾਲਾਂਕਿ ਕਿਸਾਨਾਂ ਵੱਲੋਂ ਉਨ੍ਹਾਂ ਲਈ ਠੰਢੇ ਤਰਲ ਪਦਾਰਥਾਂ ਆਦਿ ਦੇ ਪ੍ਰਬੰਧ ਵੀ ਕੀਤੇ ਹੋਏ ਸਨ। ==== ਗਰਮੀ ਦੇ ਚੱਲਦਿਆਂ ਫਲਾਂ ਦੀ ਸੰਭਾਲ ਕਰਨੀ ਵੀ ਔਖੀ : ਫਰੂਡ ਵਿਕ੍ਰੇਤਾ ਫਰੂਡ ਵਿਕਰੇਤਾ ਮਨੋਜ ਨੇ ਕਿਹਾ ਕਿ ਗਰਮੀ ਦੇ ਚੱਲਦਿਆਂ ਜਿੱਥੇ ਰੇਹੜੀ ’ਤੇ ਖੜ੍ਹਾ ਹੋਣਾ ਮੁਹਾਲ ਹੋ ਜਾਂਦਾ ਹੈ। ਉੱਥੇ ਹੀ ਫਲਾਂ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ, ਕਿਉਂਕਿ ਗਰਮੀ ਦੌਰਾਨ ਇਨ੍ਹਾਂ ਦੀ ਸੰਭਾਲ ਵਧੇਰੇ ਕਰਨੀ ਪੈਂਦੀ ਹੈ। ਉੱਥੇ ਹੀ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਵਿੱਕੀ ਨੇ ਦੱਸਿਆ ਕਿ ਜੇਕਰ ਗਾਹਕ ਘੱਟ ਜਾਵੇ ਤਾਂ ਖਾਣ-ਪੀਣ ਵਾਲਾ ਸਾਮਾਨ ਖ਼ਰਾਬ ਹੋਣ ਕਰ ਕੇ ਨੁਕਸਾਨ ਵੀ ਝੱਲਣਾ ਪੈਂਦਾ ਹੈ। ਦੁਕਾਨਦਾਰ ਹਰਭਜਨ ਸਿੰਘ ਤੇ ਰਾਜੂ ਨੇ ਦੱਸਿਆ ਕਿ ਦੁਪਹਿਰ ਸਮੇਂ ਬਾਜ਼ਾਰਾਂ ’ਚ ਗਾਹਕਾਂ ਦੀ ਕਮੀ ਹੋ ਜਾਂਦੀ ਹੈ। ਹਾਲਾਂਕਿ ਸਵੇਰੇ ਜਾਂ ਸ਼ਾਮ ਸਮੇਂ ਕੁਝ ਗਾਹਕੀ ਜ਼ਰੂਰ ਹੋ ਜਾਂਦੀ ਹੈ, ਜੋ ਰਾਹਤ ਵਾਲੀ ਗੱਲ ਹੈ। ==== ਗਰਮੀ ਦੀ ਲੂ ਤੋਂ ਬੱਚਿਆਂ ਨੂੰ ਬਚਾਓ : ਡਾ. ਸੁਪ੍ਰਿਯਾ ਅੱਤ ਦੀ ਪੈ ਰਹੀ ਗਰਮੀ ’ਤੇ ਚੱਲ ਰਹੀਆਂ ਗਰਮ ਹਵਾਵਾਂ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ। ‘ਹੀਟ ਸਟਰੋਕ’ ਜਿਸ ਨੂੰ ਲੂ ਲੱਗਣਾ ਕਹਿੰਦੇ ਹਨ, ਜੋ ਬੱਚਿਆਂ ਲਈ ਖ਼ਤਰਾ ਬਣ ਸਕਦੀ ਹੈ। ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ’ਚ ਪਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ’ਚ ਪਸੀਨਾ ਨਾ ਆਉਣਾ, ਧਕੜਣ ਤੇਜ਼ ਹੋਣਾ, ਬੀਪੀ ਘੱਟ ਹੋਣਾ, ਚਮੜੀ ਦੇ ਰੋਗ ਆਦਿ ਹੋਣ ਲੱਗ ਜਾਂਦੇ ਹਨ। ਇਹ ਜਾਣਕਾਰੀ ਬੱਚਿਆਂ ਦੀ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਲੂ ਤੋਂ ਬਚਾਉਣ ਲਈ ਨਾਰੀਅਲ ਪਾਣੀ, ਗੰਨੇ ਦਾ ਰਸ, ਨਿੰਬੂ ਪਾਣੀ, ਲੱਸੀ ਆਦਿ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਪਿਆਓ ਤੇ ਤੰਗ ਕੱਪੜੇ ਨਾ ਪਾਏ ਜਾਣ, ਹਲਕਾ ਫੁਲਕਾ ਖਾਣਾ ਦਿੱਤਾ ਜਾਵੇ, ਬਾਜ਼ਾਰੀ ਖਾਣੇ ਤੋਂ ਪ੍ਰਹੇਜ ਰੱਖਿਆ ਜਾਵੇ, ਬੱਚਿਆਂ ਨੂੰ ਧੁੱਪ ’ਚ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦਾ ਖਿਆਲ ਰੱਖਣ ਤੇ ਗਰਮੀ ’ਚ ਘਰੋਂ ਬਾਹਰ ਘੁੰਮਣ ਫਿਰਨ ਤੋਂ ਰੋਕਣ। ===== ਸਿਹਤ ਵਿਭਾਗ ਨੇ ਗਰਮੀ ਤੇ ਲੂ ਤੋਂ ਬਚਣ ਲਈ ਜਾਰੀ ਕੀਤੀ ਹੈ ਐਡਵਾਈਜ਼ਰੀ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਦੱਸਿਆ ਕਿ ਅੱਤ ਦੀ ਗਰਮੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗਰਮੀ ਦੌਰਾਨ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਨਵ ਜਨਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ’ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ, ਹਾਈ ਬਲੱਡ ਪ੍ਰੈਸ਼ਰ ਆਦਿ ਮਰੀਜ਼ਾਂ ਨੂੰ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਹੀ ਪਾਉਣੇ ਚਾਹੀਦੇ ਹਨ। ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢਕਣ ਲਈ ਛੱਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਤੇ ਨੰਗੇ ਪੈਰ ਧੁੱਪ ’ਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ’ਚ ਕੰਮ ਕਰਦੇ ਹਨ, ਉਹ ਸਰੀਰ ਦਾ ਤਾਪਮਾਨ ਘੱਟ ਰੱਖਣ ਲਈ ਥੋੜ੍ਹੀ ਦੇਰ ਬਾਅਦ ਛਾਂ ’ਚ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ, ਧੁੱਪ ’ਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ। ਉਨ੍ਹਾਂ ਅੱਗੇ ਕਿਹਾ ਕਿ ਜ਼ਰੂਰਤ ਪੈਣ ’ਤੇ ਮੁਫਤ ਐਂਬੂਲੈਂਸ ਸੇਵਾ ਲਈ ਟੋਲ ਫਰੀ ਨੰਬਰ 108 ਤੇ ਸਿਹਤ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।