ਬਾਹਮਣੀਵਾਲਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਵਿਦਿਆਰਥੀਆਂ ਨੂੰ ਵਜ਼ੀਫ਼ਾ ਅਗਲੇ ਚਾਰ ਸਾਲਾਂ ਲਈ ਪ੍ਰਤੀ ਵਰ੍ਹਾ 12 ਹਜ਼ਾਰ ਰੁਪਏ ਦੇ ਰੂਪ ’ਚ ਮਿਲੇਗਾ, ਜਿਸ ਨਾਲ ਉਹ ਆਪਣੀ ਅਗਲੀ ਪੜ੍ਹਾਈ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖ ਸਕਣਗੇ।
Publish Date: Tue, 05 May 2026 04:38 PM (IST)
Updated Date: Wed, 06 May 2026 04:05 AM (IST)

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਸ਼ਹੀਦ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਹਮਣੀਵਾਲਾ ਦੇ ਵਿਦਿਆਰਥੀਆਂ ਨੇ ਐੱਨਐੱਮਐੱਮਐੱਸ ‘ਰਾਸ਼ਟਰੀ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਲਈ ਵਜ਼ੀਫਾ ਯੋਜਨਾ’ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ ’ਚ ਸਕੂਲ ਦੇ ਤਿੰਨ ਵਿਦਿਆਰਥੀ ਆਰਵਦੀਪ ਸਿੰਘ, ਰਾਜਨਪ੍ਰੀਤ ਸਿੰਘ ਅਤੇ ਸੁਖਮਨਪ੍ਰੀਤ ਕੌਰ ਨੇ ਵਧੀਆ ਅੰਕ ਹਾਸਿਲ ਕਰ ਕੇ ਵਜ਼ੀਫ਼ਾ ਪ੍ਰਾਪਤ ਕੀਤਾ ਹੈ। ਇਹ ਵਜ਼ੀਫ਼ਾ ਉਨ੍ਹਾਂ ਨੂੰ ਅਗਲੇ ਚਾਰ ਸਾਲਾਂ ਲਈ ਪ੍ਰਤੀ ਵਰ੍ਹਾ 12 ਹਜ਼ਾਰ ਰੁਪਏ ਦੇ ਰੂਪ ’ਚ ਮਿਲੇਗਾ, ਜਿਸ ਨਾਲ ਉਹ ਆਪਣੀ ਅਗਲੀ ਪੜ੍ਹਾਈ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖ ਸਕਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ, ਇਹ ਪ੍ਰਾਪਤੀ ਸਿਰਫ਼ ਇਨ੍ਹਾਂ ਤਿੰਨ ਵਿਦਿਆਰਥੀਆਂ ਦੀ ਹੀ ਨਹੀਂ, ਸਗੋਂ ਪੂਰੇ ਸਕੂਲ ਪਰਿਵਾਰ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਸਾਡੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ’ਚ ਮਾਰਗਦਰਸ਼ਨ ਦਿੱਤਾ ਤੇ ਵਿਦਿਆਰਥੀਆਂ ਨੇ ਆਪਣੀ ਲਗਨ, ਅਨੁਸ਼ਾਸਨ ਤੇ ਮਿਹਨਤ ਨਾਲ ਇਸ ਸਫ਼ਲਤਾ ਨੂੰ ਹਾਸਿਲ ਕੀਤਾ ਹੈ। ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣਦੀਆਂ ਹਨ ਕਿ ਜੇ ਮਨ ਲਾ ਕੇ ਮਿਹਨਤ ਕੀਤੀ ਜਾਵੇ, ਤਾਂ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ, ਸਰਕਾਰੀ ਸਕੂਲਾਂ ’ਚ ਵੀ ਉੱਚ ਪੱਧਰ ਦੀ ਸਿੱਖਿਆ ਤੇ ਮਾਰਗਦਰਸ਼ਨ ਉਪਲੱਬਧ ਹੈ ਤੇ ਸਾਡੇ ਵਿਦਿਆਰਥੀ ਹਰ ਖੇਤਰ ’ਚ ਆਪਣੀ ਕਾਬਲੀਅਤ ਸਾਬਿਤ ਕਰ ਰਹੇ ਹਨ। ਅਸੀਂ ਵੀ ਇਸ ਤਰ੍ਹਾਂ ਦੇ ਨਤੀਜੇ ਲਿਆਉਣ ਲਈ ਬੱਚਿਆਂ ਨੂੰ ਪ੍ਰੋਤਸਾਹਿਤ ਕਰਦੇ ਰਹਾਂਗੇ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ। ਪ੍ਰਿੰਸੀਪਲ ਨੇ ਇਸ ਮੌਕੇ ਸਾਰੇ ਸਟਾਫ਼ ਨੂੰ ਵੀ ਵਧਾਈ ਦਿੱਤੀ ਤੇ ਹੋਰ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।