ਸਫ਼ਾਈ ਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ
ਚੌਥੇ ਦਿਨ ਵੀ ਹੜਤਾਲ ’ਤੇ ਰਹੇ ਸਫਾਈ ਤੇ ਸੀਵਰ ਕਰਮਚਾਰੀ, ਕੀਤੀ ਨਾਅਰੇਬਾਜੀ
Publish Date: Sat, 09 May 2026 08:24 PM (IST)
Updated Date: Sun, 10 May 2026 04:13 AM (IST)

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਵੱਲੋਂ ਸੂਬਾ ਪੱਧਰ ’ਤੇ ਐਲਾਨੀ ਗਈ ਹੜਤਾਲ ਸ਼ਨਿਚਰਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਬੈਠ ਕੇ ਸਫ਼ਾਈ ਤੇ ਸੀਵਰੇਜ ਕਰਮਚਾਰੀਆਂ ਨੇ ਜਿੱਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ, ਉੱਥੇ ਹੀ ਜਿਵੇਂ ਜਿਵੇਂ ਹੜਤਾਲ ਦੇ ਦਿਨ ਵਧ ਰਹੇ ਹਨ, ਉਵੇਂ ਉਵੇਂ ਸ਼ਹਿਰ ਦੇ ਚੌਕ ਚੁਰਾਹਿਆਂ ਤੇ ਗਲੀ ਮੁਹੱਲਿਆਂ ’ਚ ਕੂੜੇ ਦੇ ਢੇਰ ਵੱਡੇ ਹੁੰਦੇ ਜਾ ਰਹੇ ਹਨ। ਕਿਉਂਕਿ ਡੋਰ ਟੂ ਡੋਰ ਕੁਲੈਕਸ਼ਨ ਬੰਦ ਹੋਣ ਕਾਰਨ ਲੋਕ ਆਪਣੇ ਘਰਾਂ ਦਾ ਕੂੜਾ ਲਿਫ਼ਾਫ਼ਿਆਂ ’ਚ ਭਰ ਕੇ ਸੜਕਾਂ ਕੰਢੇ ਸੁੱਟਣ ਲੱਗੇ ਹਨ। ਦੂਜੇ ਪਾਸੇ ਗਰਮੀ ਦੌਰਾਨ ਕੂੜੇ ਦੇ ਢੇਰਾਂ ’ਚੋਂ ਉੱਠ ਰਹੀ ਸੜਾਂਦ ਦਾ ਪ੍ਰਭਾਵ ਵੀ ਨਜ਼ਰ ਆਉਣ ਲੱਗ ਪਿਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ 6 ਫਰਵਰੀ ਤੋਂ ਨਗਰ ਕੌਂਸਲ ਤਰਨਤਾਰਨ ਦੇ ਸਫ਼ਾਈ ਅਤੇ ਸੀਵਰੇਜ ਕਰਮਚਾਰੀ ਸੂਬਾ ਪੱਧਰੀ ਸੱਦੇ ਦੇ ਚੱਲਦਿਆਂ ਹੜਤਾਲ ’ਤੇ ਚੱਲ ਰਹੇ ਹਨ। ਇਸ ਦੌਰਾਨ ਜਿੱਥੇ ਸ਼ਹਿਰ ’ਚ ਸਫ਼ਾਈ ਵਿਵਸਥਾ ਠੱਪ ਹੋ ਗਈ ਹੈ, ਉੱਥੇ ਹੀ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਨਾ ਹੋਣ ਕਾਰਨ ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ ਤੇ ਗਲੀ ਮੁਹੱਲਿਆਂ ਦੀਆਂ ਨੁੱਕਰਾਂ ’ਤੇ ਸੁੱਟਣ ਲੱਗੇ ਹਨ। ਜਿਸ ਕਰਕੇ ਕੂੜੇ ਦੇ ਢੇਰ ਲਗਾਤਾਰ ਵੱਡੇ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਸਫ਼ਾਈ ਅਤੇ ਸੀਵਰੇਜ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ, ਉਨੀ ਦੇਰ ਹੜਤਾਲ ਖ਼ਤਮ ਨਹੀਂ ਹੋਵੇਗੀ। ਇਸ ਮੌਕੇ ਰਾਮ ਪ੍ਰਕਾਸ਼ ਮੀਤ ਪ੍ਰਧਾਨ, ਜੱਜਪਾਲ, ਨਿੰਦੀ, ਸੁਰਜੀਤ ਕੁਮਾਰ, ਤਿਲਕ ਰਾਜ, ਰਾਜ ਕੁਮਾਰ, ਕਾਲਾ, ਰਕੇਸ਼ ਕੁਮਾਰ, ਆਸ਼ੂ ਕੁਮਾਰ, ਕ੍ਰਿਸ਼ਨ, ਮਨਦੀਪ , ਜਗਮੋਹਨ, ਰਜਿੰਦਰ ਕੁਮਾਰ, ਲਛਮਣ, ਕੁਲਵੰਤ, ਸੰਤੋਸ਼, ਸਲਮਾਂ, ਬਬਲੀ, ਰਾਣੀ, ਸੁਨੀਲ ਕੁਮਾਰ, ਸਾਹਿਬ ਸਿੰਘ, ਦਲੀਪ, ਸੁਨੀਲ, ਭੋਲੀ, ਸੋਨੀਆ, ਹੈਪੀ, ਧੀਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਫਾਈ ਤੇ ਸੀਵਰੇਜ ਕਰਮਚਾਰੀ ਹਾਜ਼ਰ ਸਨ। ===== ਮਸਲਿਆਂ ਦੇ ਹੱਲ ਤਕ ਜਾਰੀ ਰਹੇਗੀ ਹੜਤਾਲ : ਯੂਨੀਅਨ ਪ੍ਰਧਾਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਨਿਚਰਵਾਰ ਨੂੰ ਨਗਰ ਕੌਂਸਲ ਦਫ਼ਤਰ ਤਰਨਤਾਰਨ ਦੇ ਗੇਟ ਅੱਗੇ ਦਿੱਤੇ ਗਏ ਧਰਨੇ ਦੌਰਾਨ ਜਿੱਥੇ ਸਫ਼ਈ ਤੇ ਸੀਵਰੇਜ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਉੱਥੇ ਹੀ ਬਲਵਿੰਦਰ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ, ਸਫਾਈ ਸੇਵਕ ਤੇ ਸੀਵਰਮੈਨ ਦੀ ਭਰਤੀ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਤਰਸ ਦੇ ਆਧਾਰ ’ਤੇ ਜੋ ਨੌਕਰੀਆਂ ਅਜੇ ਤਕ ਨਹੀਂ ਦਿੱਤੀਆਂ ਗਈਆਂ, ਉਹ ਤੁਰੰਤ ਦਿੱਤੇ ਜਾਣ, ਡੀਏ ਲਾਗੂ ਕਰਨ, ਡੀਏ ਦਾ ਬਕਾਇਆ ਜਾਰੀ ਕਰਨ, ਪੇ ਕਮਿਸ਼ਨ ਦਾ ਬਣਦਾ ਬਕਾਇਆ ਜਾਰੀ ਕਰਨ ਆਦਿ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ ਅਤੇ ਇਹ ਮਸਲਿਆਂ ਦੇ ਹੱਲ ਤਕ ਜਾਰੀ ਰਹੇਗੀ। ====== ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਲੱਗੇ ਕੂੜੇ ਦੇ ਢੇਰ ਤਰਨਤਾਰਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦੇ ਰਹੇ ਹਨ। ਨੂਰਦੀ ਚੌਕ, ਸਰਕੂਲਰ ਰੋਡ, ਝਬਾਲ ਰੋਡ, ਸ਼ਹਿਰ ਦੀ ਮੁੱਖ ਸੜਕ, ਰੇਲਵੇ ਰੋਡ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਤੇ ਸਰਾਂ ਕੋਲ ਵੀ ਕੂੜੇ ਦੇ ਵੱਡੇ ਢੇਰ ਲੱਗ ਚੁੱਕੇ ਹਨ। ਗਰਮੀ ਦੇ ਮੌਸਮ ਕਾਰਨ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ’ਚੋਂ ਜਿੱਥੇ ਬਦਬੂ ਉੱਠਣ ਲੱਗੀ ਹੈ। ਉੱਥੇ ਹੀ ਘਰਾਂ ’ਚ ਕੂੜਾ ਸੰਭਾਲਣਾ ਔਖਾ ਹੁੰਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਲੋਕ ਪਰੇਸ਼ਾਨੀ ’ਚ ਚੱਲ ਰਹੇ ਹਨ।