ਪੰਜ ਦਿਨਾਂ ਤੋਂ ਸਫ਼ਾਈ ਦੇ ਕੰਮ ਠੱਪ ਕੀਤੇ ਜਾਣ ਕਰ ਕੇ ਸ਼ਹਿਰ ’ਚ ਹੁਣ ਥਾਂ-ਥਾਂ ਕੂੜੇ ਦੇ ਢੇਰ ਲੱਗਦੇ ਜਾ ਰਹੇ ਹਨ

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਸੂਬਾ ਪੱਧਰੀ ਸੱਦੇ ’ਤੇ ਸਫ਼ਾਈ ਸੇਵਕਾਂ ਅਤੇ ਸੀਵਰ ਮੈਨਾਂ ਵੱਲੋਂ ਕੀਤੀ ਗਈ ਹੜਤਾਲ ਐਤਵਾਰ ਨੂੰ ਪੰਜਵੇਂ ਦਿਨ ’ਚ ਦਾਖ਼ਲ ਹੋ ਗਈ ਹੈ। ਲਗਾਤਾਰ ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਬੈਠੇ ਸਫ਼ਾਈ ਅਤੇ ਸੀਵਰੇਜ ਕਰਮਚਾਰੀ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕਰ ਰਹੇ ਹਨ। ਉੱਥੇ ਹੀ ਪੰਜ ਦਿਨਾਂ ਤੋਂ ਸਫ਼ਾਈ ਦੇ ਕੰਮ ਠੱਪ ਕੀਤੇ ਜਾਣ ਕਰ ਕੇ ਸ਼ਹਿਰ ’ਚ ਹੁਣ ਥਾਂ-ਥਾਂ ਕੂੜੇ ਦੇ ਢੇਰ ਲੱਗਦੇ ਜਾ ਰਹੇ ਹਨ ਤੇ ਇਨ੍ਹਾਂ ਵਿੱਚੋਂ ਉੱਠਦੀ ਬਦਬੂ ਨਾਲ ਚੌਗਿਰਦਾ ਵੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕੂੜੇ ਦੇ ਢੇਰਾਂ ਕੋਲੋਂ ਲੰਘਦਿਆਂ ਸਾਹ ਲੈਣਾ ਤਕ ਔਖਾ ਹੋ ਜਾਂਦਾ ਹੈ।
ਇੱਥੇ ਦੱਸ ਦਈਏ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਜਿੱਥੇ ਗਲੀਆਂ, ਬਾਜ਼ਾਰਾਂ ’ਚ ਸਫ਼ਾਈ ਦੇ ਕੰਮ ਠੱਪ ਹਨ, ਉੱਥੇ ਹੀ ਘਰਾਂ ’ਚੋਂ ਕੂੜਾ ਇਕੱਠਾ ਕਰਨ ਦਾ ਕੰਮ ਬੰਦ ਹੋਣ ਕਾਰਨ ਲੋਕ ਆਪਣੇ ਘਰਾਂ ਦਾ ਕੂੜਾ ਗਲੀਆਂ, ਬਾਜ਼ਾਰਾਂ ਦੀਆਂ ਨੁੱਕਰਾਂ ਤੇ ਸੜਕਾਂ ਕਿਨਾਰੇ ਸੁੱਟ ਰਹੇ ਹਨ। ਜਿਸ ਕਰ ਕੇ ਜਿੱਥੇ ਹੜਤਾਲ ਦੇ ਨਾਲ ਕੂੜੇ ਦੇ ਢੇਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ,ਉੱਥੇ ਹੀ ਗਰਮੀ ਕਰ ਕੇ ਕੂੜੇ ਦੇ ਢੇਰ ਬੁਰੀ ਤਰ੍ਹਾਂ ਨਾਲ ਸੜਾਂਦ ਮਾਰ ਰਹੇ ਹਨ।
ਇਸ ਮੌਕੇ ਰਾਮ ਪ੍ਰਕਾਸ਼ ਮੀਤ ਪ੍ਰਧਾਨ, ਜੱਜਪਾਲ, ਨਿੰਦੀ, ਸੁਰਜੀਤ ਕੁਮਾਰ, ਤਿਲਕ ਰਾਜ, ਰਾਜ ਕੁਮਾਰ, ਕਾਲਾ, ਰਕੇਸ਼ ਕੁਮਾਰ, ਆਸ਼ੂ ਕੁਮਾਰ, ਕ੍ਰਿਸ਼ਨ, ਮਨਦੀਪ , ਜਗਮੋਹਨ, ਰਜਿੰਦਰ ਕੁਮਾਰ, ਲਛਮਣ, ਕੁਲਵੰਤ, ਸੰਤੋਸ਼, ਸਲਮਾਂ, ਬਬਲੀ, ਰਾਣੀ, ਸੁਨੀਲ ਕੁਮਾਰ, ਸਾਹਿਬ ਸਿੰਘ, ਦਲੀਪ, ਸੁਨੀਲ, ਭੋਲੀ, ਸੋਨੀਆ, ਹੈਪੀ, ਧੀਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਫਾਈ ਤੇ ਸੀਵਰੇਜ ਕਰਮਚਾਰੀ ਹਾਜ਼ਰ ਸਨ।
====
ਜਿੰਨੀ ਦੇਰ ਮਸਲੇ ਹੱਲ ਨਹੀਂ ਉਨੀ ਦੇਰ ਹੜਤਾਲ ਜਾਰੀ
ਨਗਰ ਕੌਂਸਲ ਦਫ਼ਤਰ ਤਰਨਤਾਰਨ ਅੱਗੇ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ 6 ਫਰਵਰੀ ਤੋਂ ਸਫ਼ਾਈ ਤੇ ਸੀਵਰੇਜ ਕਰਮਚਾਰੀ ਸੂਬਾ ਪੱਧਰੀ ਸੱਦੇ ਦੇ ਚੱਲਦਿਆਂ ਹੜਤਾਲ ’ਤੇ ਚੱਲ ਰਹੇ ਹਨ। ਇਸ ਦੌਰਾਨ ਜਿੱਥੇ ਸ਼ਹਿਰ ’ਚ ਸਫ਼ਾਈ ਵਿਵਸਥਾ ਠੱਪ ਕੀਤੀ ਗਈ ਹੈ ਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਅੱਗੇ ਕਿਹਾ ਕਿ ਯੂਨੀਅਨ ਦੇ ਸੂਬਾਈ ਸੱਦੇ ਮੁਤਾਬਿਕ ਸਫ਼ਾਈ ਅਤੇ ਸੀਵਰੇਜ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ, ਉਨੀ ਦੇਰ ਹੜਤਾਲ ਖ਼ਤਮ ਨਹੀਂ ਹੋਵੇਗੀ।
====
ਇਹ ਹਨ ਮੰਗਾਂ
ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨਗਰ ਕੌਂਸਲ ਦਫਤਰ ਤਰਨਤਾਰਨ ਦੇ ਗੇਟ ਅੱਗੇ ਦਿੱਤੇ ਗਏ ਧਰਨੇ ਦੌਰਾਨ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਪ੍ਰਥਾ ਖਤਮ ਕਰਨ, ਸਫਾਈ ਸੇਵਕ ਤੇ ਸੀਵਰਮੈਨ ਦੀ ਭਰਤੀ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਤਰਸ ਦੇ ਆਧਾਰ ’ਤੇ ਜੋ ਨੌਕਰੀਆਂ ਅਜੇ ਤਕ ਨਹੀਂ ਦਿੱਤੀਆਂ ਗਈਆਂ, ਉਹ ਤੁਰੰਤ ਦਿੱਤੀਆਂ ਜਾਣ, ਡੀਏ ਲਾਗੂ ਕਰਨ, ਡੀਏ ਦਾ ਬਕਾਇਆ ਜਾਰੀ ਕਰਨ, ਪੇ ਕਮਿਸ਼ਨ ਦਾ ਬਣਦਾ ਬਕਾਇਆ ਜਾਰੀ ਕਰਨ ਆਦਿ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ ਅਤੇ ਇਹ ਮਸਲਿਆਂ ਦੇ ਹੱਲ ਤਕ ਜਾਰੀ ਰਹੇਗੀ।
ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤਿਆਂ ’ਤੇ ਵੀ ਵਧ ਰਹੇ ਹਨ ਕੂੜੇ ਦੇ ਢੇਰ
ਤਰਨਤਾਰਨ ਸ਼ਹਿਰ ਦੀਆਂ ਜਿੱਥੇ ਵੱਖ-ਵੱਖ ਸੜਕਾਂ ਉੱਪਰ ਕੂੜੇ ਦੇ ਢੇਰਾਂ ਦੀ ਗਿਣਤੀ ਵਧ ਰਹੀ ਹੈ। ਉਥੇ ਹੀ ਧਾਰਮਿਕ ਸਥਾਨਾਂ ਵੱਲ ਜਾਂਦੇ ਰਸਤਿਆਂ ’ਤੇ ਵੀ ਕੂੜੇ ਦੇ ਢੇਰ ਦਿਖਾਈ ਦੇਣ ਲੱਗੇ ਹਨ। ਲੋਕ ਆਪਣੇ ਘਰਾਂ ਵਿਚਲਾ ਕੂੜਾ ਲਿਫਾਫਿਆਂ ਵਿਚ ਪਾ ਕੇ ਲਿਆਉਂਦੇ ਹਨ ਤੇ ਜਿੱਥੇ ਕੂੜੇ ਦਾ ਢੇਰ ਦਿਖਾਈ ਦਿੰਦਾ ਹੈ, ਸੁੱਟ ਕੇ ਚਲੇ ਜਾਂਦੇ ਹਨ। ਜਿਸ ਕਰ ਕੇ ਇਨ੍ਹਾਂ ਢੇਰਾਂ ਦਾ ਦਾਇਰਾ ਵਧਦਾ ਜਾ ਰਿਹਾ ਹੈ ਤੇ ਇਸਦੇ ਆਸ ਪਾਸ ਵਾਲੇ ਘਰਾਂ ਵਿਚ ਰਹਿੰਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।