ਆਰਐੱਮਪੀਆਈ ਨੇ ਮਹਾਨ ਕ੍ਰਾਂਤੀਕਾਰੀ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ
ਮਜ਼ਦੂਰ ਜਮਾਤ ਦੇ ਦਾਰਸ਼ਨਿਕ ਕਾਰਲ ਮਾਰਕਸ ਦੀਆਂ ਕੀਤੀਆਂ ਘਾਲਨਾਵਾਂ ਨੂੰ ਯਾਦ ਕੀਤਾ ਗਿਆ
Publish Date: Tue, 05 May 2026 04:35 PM (IST)
Updated Date: Wed, 06 May 2026 04:03 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਤਹਿਸੀਲ ਤਰਨਤਾਰਨ ਵੱਲੋਂ ਪਿੰਡ ਪੰਡੋਰੀ ਗੋਲਾ ’ਚ ਮਜ਼ਦੂਰ ਜਮਾਤ ਦੇ ਮਹਾਨ ਕ੍ਰਾਂਤੀਕਾਰੀ ਮਾਰਕਸਵਾਦ ਦੇ ਦਾਰਸ਼ਨਿਕ ਕਾਰਲ ਮਾਰਕਸ ਦਾ ਜਨਮਦਿਨ ਮਨਾਇਆ ਗਿਆ। ਜਿਸ ’ਚ ਪਾਰਟੀ ਵਰਕਰਾਂ ਤੋਂ ਇਲਾਵਾ ਮਨਰੇਗਾ ਵਰਕਰ ਵੱਡੀ ਗਿਣਤੀ ’ਚ ਸ਼ਾਮਲ ਹੋਏ। ਮਜ਼ਦੂਰਾਂ ਦੇ ਰਹਿਬਰ ’ਤੇ ਲੁੱਟ-ਖਸੁੱਟ ਖ਼ਿਲਾਫ਼ ਲੜਨ ਵਾਲੇ, ਮਜ਼ਦੂਰ ਜਮਾਤ ਦੀ ਰਾਜਸੱਤਾ ਦੀ ਪ੍ਰਾਪਤੀ ਤਕ ਲੜਨ ਵਾਲੇ ਮਜ਼ਦੂਰ ਜਮਾਤ ਦੇ ਦਾਰਸ਼ਨਿਕ ਕਾਰਲ ਮਾਰਕਸ ਦੀਆਂ ਕੀਤੀਆਂ ਘਾਲਨਾਵਾਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਹਲ, ਜਸਬੀਰ ਕੌਰ ਕੈਰੋਵਾਲ ਨੇ ਕੀਤੀ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਰੇਸ਼ਮ ਸਿੰਘ ਫੈਲੋਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀ ਲੋਕਾਂ ‘ਤੇ ਜਾਨਲੇਵਾ ਹਮਲੇ ਕਰ ਰਹੀ ਹੈ। ਡਾਕਟਰ ਅੰਬੇਡਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਦੀਆਂ ਪੁਰਾਣੇ ਪਛਾਖੜੀ ਵਿਚਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਮੋਦੀ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਡਾਵਾਂਡੋਲ ਹੋ ਰਹੀ ਹੈ ਤੇ ਦੇਸ਼ ਦਾ ਧੰਨ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ ਤੇ ਅਰਬਾਂ ਖਰਬਾਂ ਰੁਪਏ ਇਨ੍ਹਾਂ ਨੂੰ ਮਾਫ਼ ਕੀਤੇ ਜਾ ਰਹੇ ਹਨ। ਇਸ ਮੌਕੇ ਮਨਜੀਤ ਸਿੰਘ ਬੱਗੂ, ਸਵਿੰਦਰ ਸਿੰਘ ਭੱਠਲ, ਗੁਰਪ੍ਰਤਾਪ ਸਿੰਘ ਬਾਠ, ਅੰਮ੍ਰਿਤਪਾਲ ਸਿੰਘ ਚੌਧਰੀ ਵਾਲਾ, ਸੁਖਦੇਵ ਸਿੰਘ ਜਵੰਦਾ, ਸਰਿੰਦਰ ਸਿੰਘ ਖੱਬੇ, ਬੁੱਧ ਸਿੰਘ ਪੱਖੋਕੇ, ਬਲਵਿੰਦਰ ਸਿੰਘ ਬਾਗੜੀਆਂ, ਨਾਨਕ ਸਿੰਘ ਪੰਡੋਰੀ, ਕਾਲਾ ਸਿੰਘ ਸਾਬੀ, ਜਸਬੀਰ ਕੌਰ ਕੈਰੋਵਾਲ, ਹਰਬੰਸ ਸਿੰਘ, ਕੁਲਦੀਪ ਸਿੰਘ ਰਟੌਲ, ਵੱਸਣ ਸਿੰਘ, ਬਲਵਿੰਦਰ ਸਿੰਘ ਮੱਜੂਪੁਰ, ਮੰਗਲ ਸਿੰਘ ਘਰਿਆਲਾ, ਬਿਕਰਮਜੀਤ ਕੌਰ ਬੋਹੜੂ ਆਦਿ ਹਾਜ਼ਰ ਸਨ। ==== ਸਰਕਾਰੀ ਅਦਾਰਿਆਂ ਤੇ ਨਿੱਜੀਕਰਨ ਦੀ ਨੀਤੀ ਭਾਰੂ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ, ਭੁੱਖਮਰੀ, ਭ੍ਰਿਸ਼ਟਾਚਾਰ, ਕੰਗਾਲੀ ਸਿਖਰਾਂ ਨੂੰ ਛੂਹ ਰਹੀ ਹੈ। ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ, ਅਰਧ ਸਰਕਾਰੀ ਮਹਿਕਮਿਆਂ ਦਾ ਭੋਗ ਪਾਇਆ ਜਾ ਰਿਹਾ ਹੈ। ਵਿੱਦਿਆ, ਸਿਹਤ ਸਹੂਲਤਾਂ ਗ਼ਰੀਬ ਲੋਕਾਂ ਤੋਂ ਕੋਹਾਂ ਦੂਰ ਜਾ ਰਹੀਆਂ ਹਨ। ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਕੇਂਦਰੀ ਫੰਡਾਂ ’ਤੇ ਕੱਟ ਲਾਈ ਜਾ ਰਹੀ ਹੈ। ਮਨਰੇਗਾ ਵਰਕਰਾਂ ਨੂੰ ਮਿਹਨਤਾਨਾ ਨਿਗੂਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਇਹ ਸਰਕਾਰ ਵੀ ਲੋਕ ਵਿਰੋਧੀ ਸਾਬਿਤ ਹੋਈ ਹੈ। ==== 19 ਮਈ ਨੂੰ ਸ਼ਹੀਦਾਂ ਦੀ ਯਾਦ ’ਚ ਤਰਨਤਾਰਨ ਵਿਖੇ ਸ਼ਰਧਾਂਜਲੀ ਸਮਾਗਮ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ-ਗਾਰੰਟੀਆਂ ਕੀਤੀਆਂ ਜਾ ਰਹੀਆਂ ਹਨ। ਮਜ਼ਦੂਰ ਦੇ ਵਿਰੋਧ ’ਚ ਦਿਹਾੜੀ ਦਾ ਸਮਾਂ ਘਟਾਉਣ ਦੀ ਥਾਂ ਅੱਠ ਘੰਟੇ ਤੋ 12 ਘੰਟੇ ਸਮੇਂ ਦੇ ਮਤੇ ਪਾਸ ਕੀਤੇ ਜਾ ਰਹੇ ਹਨ। ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਨਸ਼ੇ, ਗੁੰਡਾਗਰਦੀ, ਕਤਲੋਗਾਰਦ, ਲੁੱਟਾਂ-ਖੋਹਾਂ ਪੂਰੇ ਜੋਬਨ ’ਤੇ ਹਨ। ਕਾਨੂੰਨ ਵਿਵਸਥਾ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਲਾਚਾਰ ਹੋਇਆ ਪਿਆ ਹੈ ਥਾਣਿਆਂ ‘ਚ ਕਿਸੇ ਨੂੰ ਇਨਸਾਫ਼ ਨਹੀ ਮਿਲ ਰਿਹਾ। ਪੰਡੋਰੀ ਨੇ ਦੱਸਿਆ ਕਿ 19 ਮਈ ਨੂੰ ਸ਼ਹੀਦਾਂ ਦੀ ਯਾਦ ’ਚ ਤਰਨਤਾਰਨ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ।