ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਸੰਸਥਾ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਹ ਚੰਗੇ ਨਤੀਜੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ
Publish Date: Wed, 13 May 2026 06:12 PM (IST)
Updated Date: Thu, 14 May 2026 04:04 AM (IST)
ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੌਇੰਦਵਾਲ ਸਾਹਿਬ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਮੈਟ੍ਰਿਕ ਦੇ ਨਤੀਜਿਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਉੱਚ ਅੰਕਾਂ ਨਾਲ ਪ੍ਰੀਖਿਆ ਪਾਸ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿੱਥੇ ਮਿਹਨਤ ਨੂੰ ਮਕਸਦ ਅਤੇ ਸਿੱਖਿਆ ਨੂੰ ਸੰਸਕਾਰ ਬਣਾਇਆ ਜਾਵੇ, ਉਥੇ ਕਾਮਯਾਬੀ ਖੁਦ ਕਦਮ ਚੁੱਕਦੀ ਹੈ।
ਸਕੂਲ ਦੇ ਹੋਣਹਾਰ ਵਿਦਿਆਰਥੀ ਸਹਿਜਪ੍ਰੀਤ ਕੌਰ ਅਤੇ ਜਸਮੀਨ ਕੌਰ ਨੇ 91 ਫ਼ੀਸਦੀ, ਕੰਵਲਜੀਤ ਕੌਰ ਨੇ 90 ਫ਼ੀਸਦੀ, ਪ੍ਰਭਜੋਤ ਕੌਰ 89 ਫ਼ੀਸਦੀ, ਦਮਨਪ੍ਰੀਤ ਕੌਰ ਨੇ 88 ਫ਼ੀਸਦੀ, ਅਨਮੋਲਪ੍ਰੀਤ ਕੌਰ ਨੇ 85 ਫ਼ੀਸਦੀ ਨੇ ਅੰਕ ਹਾਸਿਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਮੱਲਾਂ ਮਾਰੀਆਂ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਹ ਚੰਗੇ ਨਤੀਜੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਕੇਵਲ ਅੰਕਾਂ ਦੀ ਜਿੱਤ ਨਹੀਂ, ਸਗੋਂ ਅਣਥੱਕ ਮਿਹਨਤ, ਅਨੁਸ਼ਾਸਨ ਤੇ ਵਿਸ਼ਵਾਸ ਦੀ ਰੌਸ਼ਨ ਮਿਸਾਲ ਹਨ।
ਸਕੂਲ ਦੇ ਵਿਦਿਆਰਥੀ ਸਾਲ ਭਰ ਪੜ੍ਹਾਈ ਦੇ ਨਾਲ ਜ਼ੋਨ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ, ਉਮੀਦਾਂ ਮਨੁੱਖ ਨੂੰ ਕੋਸ਼ਿਸ਼ ਕਰਨ ਦੀ ਤਾਕਤ ਦਿੰਦੀਆਂ ਹਨ ਤੇ ਅਣਥੱਕ ਕੋਸ਼ਿਸ਼ ਹੀ ਸਫ਼ਲਤਾ ਦੀ ਅਸਲੀ ਚਾਬੀ ਹੁੰਦੀ ਹੈ, ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਮਾਪਿਆਂ ਦੀ ਹਾਜ਼ਰੀ ’ਚ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਕਲਾਸ ਦੀ ਇੰਚਾਰਜ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਕਾਮਯਾਬੀਆਂ ਨਾ ਸਿਰਫ ਸਕੂਲ ਦੀ ਸ਼ਾਨ ਹਨ ਸਗੋਂ ਇਲਾਕੇ ਦੇ ਚੰਗੇ ਭਵਿੱਖ ਦੀ ਉਮੀਦ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਕੌਰ, ਕੁਲਦੀਪ ਸਿੰਘ, ਮਨਪ੍ਰੀਤ ਕੌਰ, ਬੇਅੰਤ ਕੌਰ, ਕੰਵਰਜੀਤ ਸਿੰਘ, ਕੁਲਜਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।