ਪਿੰਡ ਭੋਈਆਂ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੜਾਵਾ ਚੋਰੀ ਕੀਤਾ
ਪਿੰਡ ਵਾਸੀਆਂ ਨੇ ਚੋਰ ਨੂੰ ਚੌਕੀ ਫ਼ਤਿਆਬਾਦ ਦੀ ਪੁਲਿਸ ਹਵਾਲੇ ਕਰ ਦਿੱਤਾ
Publish Date: Mon, 04 May 2026 06:25 PM (IST)
Updated Date: Tue, 05 May 2026 04:11 AM (IST)
ਗੁਰਬਰਿਦੰਰ ਸਿੰਘ•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੋਈਆਂ ਵਿਖੇ ਸਥਿਤ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਕੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਗੋਲਕ ਤੋੜਨ ਦਾ ਮਾਮਲਾ ਹੈ।
ਉਕਤ ਵਿਅਕਤੀ ਗੁਰਦੁਆਰਾ ਸਾਹਿਬ ਦੀ ਖਿੜਕੀ ਤੋੜ ਕੇ ਜੁੱਤੀਆਂ ਸਮੇਤ ਅੰਦਰ ਦਾਖ਼ਲ ਹੋਇਆ ਤੇ ਸੀਸੀਟੀਵੀ ਕੈਮਰਿਆਂ ’ਤੇ ਪਰਦੇ ਪਾ ਦਿੱਤੇ। ਹਾਲਾਂਕਿ ਇਸ ਤੋਂ ਪਹਿਲਾਂ ਉਸ ਦੀ ਤਸਵੀਰ ਕੈਮਰਿਆਂ ’ਚ ਕੈਦ ਹੋ ਗਈ, ਜਿਸ ਤੋਂ ਉਸ ਦੀ ਪਹਿਚਾਣ ਕਰ ਕੇ ਪਿੰਡ ਵਾਸੀਆਂ ਨੇ ਚੌਕੀ ਫ਼ਤਿਆਬਾਦ ਦੀ ਪੁਲਿਸ ਹਵਾਲੇ ਕਰ ਦਿੱਤਾ। ਜਿਸ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਸਾਹਿਬ ਸਿੰਘ, ਅੰਗਰੇਜ ਸਿੰਘ, ਅਵਤਾਰ ਸਿੰਘ, ਹਰੀ ਸਿੰਘ, ਗੁਰਭੇਜ ਸਿੰਘ, ਗੁਰਦਿਆਲ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਮੀਰ ਸਿੰਘ, ਨਿਸ਼ਾਨ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਪ੍ਰੀਤ ਸਿੰਘ, ਗੁਰਦਿਆਲ ਸਿੰਘ, ਗੁਰਦਿਆਲ ਸਿੰਘ ਗੋਰਾ, ਜਸਵੰਤ ਸਿੰਘ ਠੇਕੇਦਾਰ, ਸਵਰਨ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ, ਅਜੀਤ ਸਿੰਘ, ਮੁਖਤਾਰ ਸਿੰਘ, ਗੁਰਭੇਜ ਸਿੰਘ, ਗੁਰਸਾਹਿਬ ਸਿੰਘ, ਸੁਖਦੇਵ ਸਿੰਘ ਦਰਜੀ, ਜਗਜੀਤ ਸਿੰਘ ਆਦਿ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਜਦੋਂ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪੁੱਜੀ ਤਾਂ ਪਤਾ ਲੱਗਾ ਕਿ ਦਰਬਾਰ ਦੀ ਬਾਹਰ ਵਾਲੀ ਖਿੜਕੀ ਟੁੱਟੀ ਹੋਈ ਸੀ ਤੇ ਰੁਮਾਲਾ ਸਾਹਿਬ ਵਾਲੀ ਅਲਮਾਰੀ ਵੀ ਜਿੱਥੇ ਖੁੱਲ੍ਹੀ ਸੀ, ਉੱਥੇ ਹੀ ਰੁਮਾਲਾ ਸਾਹਿਬ ਵੀ ਖਿੱਲਰੇ ਹੋਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਘਰ ਦੀ ਗੋਲਕ ਤੋੜੀ ਹੋਈ ਮਿਲੀ, ਜਿਸ ’ਚੋਂ ਸਾਰੇ ਪੈਸੇ ਵੀ ਚੋਰੀ ਕੀਤੇ ਹੋਏ ਸਨ। ਜਦੋਂਕਿ ਸੀਸੀਟੀਵੀ ਕੈਮਰਿਆਂ ਉੱਪਰ ਵੀ ਪਰਦੇ ਪਾਏ ਮਿਲੇ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਗੁਰਦੁਆਰਾ ਸਾਹਿਬ ਅੰਦਰ ਤੇ ਬਾਹਰ ਲੱਗੇ ਕੈਮਰਿਆਂ ਦੀ ਫੁਟੇਜ ਵੇਖੀ ਤਾਂ ਪਤਾ ਲੱਗਾ ਕਿ ਇਕ ਵਿਅਕਤੀ ਕੰਧ ਟੱਪ ਕੇ ਅੰਦਰ ਆਇਆ ਤੇ ਖਿੜਕੀ ਦੀ ਸੀਖ ਤੋੜ ਕੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਵੜਦਾ ਦਿਖਾਈ ਦਿੱਤਾ।
ਕੈਮਰਿਆਂ ਤੋਂ ਉਕਤ ਵਿਅਕਤੀ ਦੀ ਪਛਾਣ ਗੁਰਨਾਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਭੋਈਆਂ ਵਜੋਂ ਹੋਣ ’ਤੇ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਨਾਲ ਬਿਨਾਂ ਕੋਈ ਕੁੱਟਮਾਰ ਕੀਤੇ ਚੌਕੀ ਫ਼ਤਿਆਬਾਦ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
====
ਚੋਰੀ ਕਰਨ ਵਾਲਾ ਹਿਰਾਸਤ ’ਚ , ਕੇਸ ਦਰਜ : ਡੀਐੱਸਪੀ
ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਵਾਲੇ ਗੁਰਨਾਮ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਪ੍ਰਬੰਧਕਾਂ ਦੇ ਬਿਆਨ ਕਲਮਬੰਦ ਕਰ ਕੇ ਉਸ ਦੇ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ’ਚ ਕੇਸ ਦਰਜ ਕੀਤਾ ਜਾ ਰਿਹਾ ਹੈ।