ਲੋਅਰ ਗ੍ਰੇਡ ਮਿਉਂਸਪਲ ਇੰਪਲਾਈਜ਼ ਯੂਨੀਅਨ ਪੱਟੀ ਨੇ ਨਗਰ ਕੌਂਸਲ ਅੱਗੇ ਰੋਸ ਧਰਨਾ ਲਾਇਆ
ਸਰਕਾਰ ਕਰਮਚਾਰੀਆਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
Publish Date: Wed, 06 May 2026 06:34 PM (IST)
Updated Date: Thu, 07 May 2026 04:09 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਲੋਅਰ ਗ੍ਰੇਡ ਮਿਉਂਸਪਲ ਇੰਪਲਾਈਜ਼ ਯੂਨੀਅਨ ਪੱਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਪੱਟੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਯੂਨੀਅਨ ਮੈਂਬਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ। ਧਰਨੇ ’ਚ ਕਰਮਚਾਰੀ ਤੇ ਸੇਵਾ ਮੁਕਤ ਮੁਲਾਜ਼ਮ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵੰਤ ਰਾਏ ਨੇ ਕਿਹਾ ਕਿ ਅੱਜ ਸਮੂਹ ਪੰਜਾਬ ’ਚ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰਮਚਾਰੀਆਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਮੰਗ ਕੀਤੀ ਕਿ ਆਊਟਸੋਰਸ, ਕੰਟਰੈਕਟ, ਡੇਲੀ ਵੇਜ਼ ਤੇ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਮੌਕੇ ਗੁਰਨਾਮ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਕਈ ਕਰਮਚਾਰੀਆਂ ਦਾ ਬਣਦਾ ਪ੍ਰੋਵੀਡੈਂਟ ਫੰਡ ਅਜੇ ਤਕ ਉਨ੍ਹਾਂ ਦੇ ਖਾਤਿਆਂ ’ਚ ਜਮ੍ਹਾਂ ਨਹੀਂ ਕਰਵਾਇਆ ਗਿਆ, ਜਿਸ ਕਾਰਨ ਕਰਮਚਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਗ੍ਰੈਚੂਟੀ ਦੀ ਰਕਮ 10 ਲੱਖ ਤੋਂ ਵਧਾ ਕੇ 20 ਲੱਖ ਕਰਨ ਦੇ ਐਲਾਨ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਯੂਨੀਅਨ ਨੇ ਮੰਗ ਕੀਤੀ ਕਿ ਵਧੀ ਹੋਈ ਗ੍ਰੈਚੂਟੀ ਤੇ ਲੀਵ ਇਨਕੈਸ਼ਮੈਂਟ ਦੀ ਰਕਮ ਨਗਰ ਕੌਂਸਲ ਦੇ ਸਾਰੇ ਸੇਵਾ ਮੁਕਤ ਕਰਮਚਾਰੀਆਂ ਨੂੰ ਜਲਦ ਅਦਾ ਕੀਤੀ ਜਾਵੇ। ਇਸ ਦੌਰਾਨ ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਤੇ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੇਵਾ ਮੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਣਾ ਨਾ-ਇਨਸਾਫ਼ੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਰਨੇ ਦੌਰਾਨ ਕਰਮਚਾਰੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਗੁਰਨਾਮ ਸਿੰਘ ਜਨਰਲ ਸਕੱਤਰ, ਲਖਬੀਰ ਸਿੰਘ ਸ਼ਹੀਦ ਦਫ਼ਤਰ ਸਕੱਤਰ, ਚਾਂਦ, ਸੰਦੀਪ ਸਿੰਘ, ਲੇਖਰਾਜ, ਰਾਮ ਲਾਲ, ਹੰਸ ਰਾਜ, ਰੋਹਿਨ ਅਗਨੀਹੋਤਰੀ, ਅਕਾਸ਼ਦੀਪ ਬੇਦੀ, ਮਲਕੀਅਤ ਸਿੰਘ, ਵਿਸ਼ਾਲ, ਗਗਨ, ਸੁਖਦੇਵ ਰਾਜ, ਰਣਜੀਤ ਸਿੰਘ ਰਾਣਾ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਸੰਦੀਪ ਕੁਮਾਰ, ਰਣਜੀਤ ਕੌਰ, ਕਿਰਨਾ, ਰਜਨੀਤ ਕੌਰ, ਹਰਜੀਤ ਕੌਰ, ਅਮਰਜੀਤ ਕੌਰ, ਅੰਮ੍ਰਿਤਪਾਲ ਕੌਰ, ਜਸਜਿੰਦਰ ਸਿੰਘ ਸੋਨੂੰ, ਸ਼ਿਵ ਕੁਮਾਰ ਅਤੇ ਗੱਪੀ ਆਦਿ ਹਾਜ਼ਰ ਸਨ।