ਭਗਤ ਦੇ ਦਿਲ ਦੇ ਤਾਰ ਹਮੇਸ਼ਾ ਆਪਣੇ ਪ੍ਰਭੂ ਪ੍ਰੀਤਮ ਦੇ ਨਾਲ ਜੁੜੇ ਹੋਏ ਹੁੰਦੇ ਹਨ : ਰਮਨਦੀਪ ਭਾਰਤੀ
ਸਾਧਕ ਪੂਰਨ ਗੁਰੂ ਦੀ ਸ਼ਰਨਗਤ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ।
Publish Date: Mon, 27 Apr 2026 04:38 PM (IST)
Updated Date: Tue, 28 Apr 2026 04:05 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਆਸ਼ਰਮ ਵੱਲੋਂ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਆਈ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਾਧਵੀ ਰਮਨਦੀਪ ਭਾਰਤੀ ਨੇ ਕਿਹਾ ਕਿ ਗੁਰੂ ਦਾ ਖਿਆਲ ਜ਼ਹਿਨ ’ਚ ਆਉਂਦੇ ਹੀ ਭਗਤ ਦੇ ਤਨ ਮਨ ’ਚ ਮਿੱਠੀ ਜਿਹੀ ਤੜਫ਼ ਪੈਦਾ ਹੁੰਦੀ ਹੈ। ਜਿਸ ਨੂੰ ਅਲਫਾਜਾਂ ’ਚ ਬਿਆਨ ਕਰਨਾ ਉਨ੍ਹਾਂ ਹੀ ਔਖਾ ਹੈ, ਜਿਨ੍ਹਾਂ ਕਿ ਵਿਸ਼ਾਲ ਸਮੁੰਦਰ ਨੂੰ ਇਕ ਕੁੱਜੇ ’ਚ ਬੰਦ ਕਰਨਾ। ਜਦੋਂ ਇਕ ਗੁਰੂ ਭਗਤ ਤੋਂ ਦੂਰ ਹੁੰਦਾ ਹੈ ਤਾਂ ਗੁਰੂ ਦਾ ਵਿਯੋਗ ਉਸ ਲਈ ਅਸਹਿਣਯੋਗ ਹੁੰਦਾ ਹੈ। ਪਰ ਫਿਰ ਵੀ ਇਕ ਸੇਵਕ ਗੁਰੂ ਦੀ ਨੇੜਤਾ ਨੂੰ ਆਪਣੇ ਅੰਗ ਸੰਗ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ ਹੈ। ਇਕ ਭਗਤ ਦੇ ਦਿਲ ਦੇ ਤਾਰ ਹਮੇਸ਼ਾ ਆਪਣੇ ਪ੍ਰਭੂ ਪ੍ਰੀਤਮ ਦੇ ਨਾਲ ਜੁੜੇ ਹੋਏ ਹੁੰਦੇ ਹਨ। ਜ਼ਰ੍ਹੇ-ਜ਼ਰ੍ਹੇ ’ਚੋਂ ਉਸ ਨੂੰ ਆਪਣੇ ਮੁਰਸ਼ਿਦ ਦੀ ਹੀ ਖੁਸ਼ਬੂ ਆਉਂਦੀ ਹੈ। ਗੁਰੂ ਦੀ ਸੇਵਕ ਨਾਲ ਨੇੜਤਾ ਕਿਸੇ ਦੁਨਿਆਵੀ ਮੋਹ ਦਾ ਨਤੀਜਾ ਨਹੀਂ ਹੋਇਆ ਕਰਦੀ। ਉਨ੍ਹਾਂ ਦਾ ਰਿਸ਼ਤਾ ਤਾਂ ਰੂਹਾਨੀਅਤ ਦਾ ਹੋਇਆ ਕਰਦਾ ਹੈ। ਇਕ ਸੱਚਾ ਸੇਵਕ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੇ ਜੀਵਨ ’ਚ ਗੁਰੂ ਦੀ ਕੀ ਦੇਣ ਹੈ। ਗੁਰੂ ਨੇ ਹੀ ਉਸ ਦੇ ਸਰੀਰ ਰੂਪੀ ਰੱਥ ਦੀ ਵਾਗਡੋਰ ਫੜੀ ਹੋਈ ਹੈ। ਸੇਵਕ ਧਿਆਨ ਦੀਆਂ ਡੂੰਘਾਈਆਂ ’ਚ ਉੱਤਰ ਕੇ ਹੀ ਗੁਰੂ ਨੂੰ ਸਮਝ ਸਕਦਾ ਹੈ। ਸਾਧਵੀ ਜੀ ਨੇ ਦੱਸਿਆ ਕਿ ਵਿਸ਼ਵ ਸ਼ਾਂਤੀ ਦੀ ਮੰਗਲ ਕਾਮਨਾ ਦੀ ਉਦੇਸ਼ ਨਾਲ ਆਸ਼ਰਮ ਅੰਦਰ ਤਿੰਨ ਦਿਨਾਂ ਦੇ ਧਿਆਨ ਸਾਧਨਾ ਦਾ ਆਯੋਜਨ ਕੀਤਾ ਗਿਆ। ਅੱਜ 21ਵੀਂ ਸਦੀ ਦੇ ਵਿਗਿਆਨਿਕ ਯੁੱਗ ’ਚ ਮਾਨਵ ਕੋਲ ਭੌਤਿਕ ਸੁੱਖ ਸੁਵਿਧਾਵਾਂ ਤਾਂ ਹੈ, ਪਰ ਮਾਨਸਿਕ ਸ਼ਾਂਤੀ ਨਹੀਂ ਹੈ। ਸਾਡੀ ਸਨਾਤਨ ਪੁਰਾਤਨ ਸੰਸਕ੍ਰਿਤੀ ਅੰਦਰ ਦੱਸਿਆ ਗਿਆ ਹੈ ਕਿ ਇਕ ਮਾਨਵ ਮਾਨਸਿਕ ਸ਼ਾਂਤੀ ਨੂੰ ਧਿਆਨ ਦੁਆਰਾ ਪ੍ਰਾਪਤ ਕਰ ਸਕਦਾ ਹੈ। ਜਦੋਂ ਇਕ ਸਾਧਕ ਪੂਰਨ ਗੁਰੂ ਦੀ ਸ਼ਰਨਗਤ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ। ਫਿਰ ਸ਼ੁਰੂ ਹੁੰਦੀ ਹੈ ਧਿਆਨ ਦੀ ਸ਼ਾਸਵਤ ਪ੍ਰਕਿਰਿਆ। ਜਿਸ ਦੁਆਰਾ ਇਕ ਸਾਧਕ ਆਪਣੀ ਘੱਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਪ੍ਰਾਪਤ ਕਰਦਾ ਹੈ। ਈਸ਼ਵਰ ਦੇ ਨਾਲ ਏਕਾਕਾਰ ਹੁੰਦੇ ਹੋਏ ਸਾਧਕ ਦਾ ਹਰ ਇਕ ਦਿਨ ਹਰ ਇਕ ਪਲ ਅਨੰਦਦਾਇਕ ਬਣ ਜਾਂਦਾ ਹੈ। ਫਿਰ ਜਦੋਂ ਇਕ ਸੇਵਕ ਗੁਰੂ ਵੱਲੋਂ ਦਰਸਾਏ ਹੋਏ ਮਾਰਗ ’ਤੇ ਚੱਲਦਾ ਹੈ। ਆਪਣੇ ਜੀਵਨ ਅੰਦਰਲੀਆਂ ਊਣਤਾਈਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਇਹੀ ਕਰਮ ਉਸ ਨੂੰ ਹਰ ਪਲ ਗੁਰੂ ਦੇ ਨਜ਼ਦੀਕ ਲੈ ਜਾਂਦਾ ਹੈ। ਉਸ ਦੇ ਹਿਰਦੇ ’ਚ ਆਈ ਇਹ ਪਵਿੱਤਰਤਾ ਹੀ ਉਸ ਨੂੰ ਈਸ਼ਵਰ ਨਾਲ ਇਕ-ਮਿਕ ਕਰ ਦਿੰਦੀ ਹੈ। ਕਿਉਂਕਿ ਜਿੱਥੇ ਪਵਿੱਤਰਤਾ ਹੈ, ਉੱਥੇ ਹੀ ਖੁਦਾਈ ਦਾ ਵਾਸਾ ਹੁੰਦਾ ਹੈ। ਪ੍ਰੋਗਰਾਮ ਦੇ ਦੌਰਾਨ ਸਾਧਵੀ ਰਮਨਦੀਪ ਭਾਰਤੀ, ਸਾਧਵੀ ਨਯਨਾ ਭਾਰਤੀ ਨੇ ਸ਼ਬਦ ਗੁਰਬਾਣੀ ਤੇ ਭਜਨਾਂ ਦਾ ਗਾਇਨ ਕੀਤਾ।