ਸਰਕਾਰ ਦੇ ਦਾਅਵੇ ਹੋਰ, ਜ਼ਮੀਨੀ ਹਕੀਕਤ ਹੋਰ
ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ
Publish Date: Sat, 02 May 2026 08:01 PM (IST)
Updated Date: Sun, 03 May 2026 04:17 AM (IST)

ਤੇਜਿੰਦਰ ਸਿੰਘ ਬੱਬੂ, ਪੰਜਾਬੀ ਜਾਗਰਣ, ਝਬਾਲ : ਪੰਜਾਬ ਸਰਕਾਰ ਵੱਲੋਂ ਭਾਵੇਂ ਕਿੰਨੇ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ’ਚ ਦੇਰੀ ਨਹੀ ਹੋਣ ਦਿੱਤੀ ਜਾਵੇਗੀ। ਪਰ ਦਾਣਾ ਮੰਡੀ ਸਰਾਏ ਅਮਾਨਤ ਖਾਂ ’ਚ ਲਿਫਟਿੰਗ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਦਾਣਾ ਮੰਡੀ ਸਰਾਏ ਅਮਾਨਤ ਖਾਂ ’ਚ ਢਾਈ ਲੱਖ ਤੋਂ ਉੱਪਰ ਕਣਕ ਦੇ ਤੋੜੇ ਖੁੱਲ੍ਹੇ ਅਸਮਾਨ ਹੇਠ ਪਏ ਹੋਏ ਹਨ। ਅਜੇ ਤੱਕ ਟੈਂਡਰਕਾਰ ਵੱਲੋਂ ਮੰਡੀ ’ਚੋਂ ਇੱਕ ਵੀ ਗੱਡੀ ਨਹੀਂ ਭੇਜੀ ਗਈ। ਮੰਡੀ ’ਚ ਜਿਣਸ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਨਜ਼ਰ ਆ ਰਹੇ ਹਨ। ਆੜ੍ਹਤੀਆਂ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਭਰਿਆ ਹੋਇਆ ਅਨਾਜ ਆੜ੍ਹਤੀਆਂ ਦਾ ਤੇ ਜੇਕਰ ਦੇਰੀ ਨਾਲ ਲਿਫਟਿੰਗ ਹੋਣ ਕਾਰਨ ਅਨਾਜ ਸੁੱਕ ਕੇ ਘੱਟ ਜਾਂਦਾ ਹੈ ਤਾਂ ਵੀ ਸਰਕਾਰ ਨੂੰ ਕੋਈ ਫ਼ਰਕ ਨਹੀਂ। ਪਰ ਸਾਰੇ ਪਾਸੇ ਆੜ੍ਹਤੀਆਂ ਨੂੰ ਹੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੰਡੀ ’ਚ ਪਈ ਹੋਈ ਕਣਕ ਦੇ ਅਨਾਜ ਦੀ ਸਾਨੂੰ ਆਪ ਰਾਖੀ ਕਰਨੀ ਪੈ ਰਹੀ ਹੈ। ਕਿਉਂਕਿ ਰੋਜ਼ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੰਡੀ ’ਚੋਂ ਬੋਰੀਆਂ ਚੁੱਕੀਆਂ ਜਾਂਦੀਆਂ ਹਨ। ਇਸ ਮੌਕੇ ਆੜ੍ਹਤੀਆਂ ਨੇ ਡੀਸੀ ਤੋਂ ਮੰਗ ਕੀਤੀ ਕਿ ਮੰਡੀ ’ਚ ਆਈ ਕਣਕ ਦੀ ਛੇਤੀ ਤੋਂ ਛੇਤੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ==== ਸਪੈਸ਼ਲ ਨਾ ਲੱਗਣ ਕਾਰਨ ਲੱਗੇ ਮੰਡੀਆਂ ’ਚ ਬੋਰੀਆਂ ਦੇ ਅੰਬਾਰ ਇਸ ਸਬੰਧੀ ਜਦੋਂ ਟੈਂਡਰਕਾਰ ਗੁਰਮੁੱਖ ਸਿੰਘ ਘੁੱਲਾ ਬਲੇਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਦਾਮਾਂ ਵਿਚ ਅਜੇ ਤੱਕ ਸਪੈਸ਼ਲ ਨਹੀਂ ਲੱਗੀ, ਜਦੋਂ ਸਪੈਸ਼ਲ ਲੱਗੇਗੀ ਤਾਂ ਮੰਡੀਆਂ ਵਿੱਚੋਂ ਲਿਫਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਜਿਕਰਯੋਗ ਗੱਲ ਹੈ ਕੇ ਜੇਕਰ ਇਕ ਮਹੀਨਾ ਗੁਦਾਮਾਂ ਅੰਦਰ ਸਪੈਸ਼ਲ ਨਹੀ ਲੱਗਦੀ ਤਾਂ ਫਿਰ ਆੜ੍ਹਤੀਆ ਵੱਲੋਂ ਭਰਿਆ ਹੋਇਆ ਅਨਾਜ ਸਰਕਾਰ ਖੁਦ ਦੇ ਖਾਤੇ ਪਾਵੇਗੀ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਆੜ੍ਹਤੀਆਂ ਦਾ ਹੀ ਗਲਾ ਘੁੱਟਿਆ ਜਾਵੇਗਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆਂ, ਆੜ੍ਹਤੀ ਪ੍ਰਸ਼ੋਤਮ ਸਿੰਘ ਆਧੀ, ਆੜ੍ਹਤੀ ਸਰਵਣ ਸਿੰਘ ਗੰਡੀਵਿੰਡ, ਆੜ੍ਹਤੀ ਰਿੰਕੂ ਸ਼ਾਹ ਆੜ੍ਹਤੀ, ਆੜ੍ਹਤੀ ਟੈਨੀ ਸ਼ਾਹ, ਆੜ੍ਹਤੀ ਗੁਰਬਿੰਦਰ ਸਿੰਘ ਗੰਡੀਵਿੰਡ, ਆੜ੍ਹਤੀ ਜੰਗਸ਼ੇਰ ਸਿੰਘ ਲਹੀਆਂ ਆਦਿ ਹਾਜ਼ਰ ਸਨ।