ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ’ਤੇ ਦਿੱਤੇ ਮੰਗ ਪੱਤਰ
ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਹੀ ਇਕ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।
Publish Date: Wed, 13 May 2026 04:02 PM (IST)
Updated Date: Thu, 14 May 2026 04:00 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਕਾਈ ਸ੍ਰੀ ਗੋਇੰਦਵਾਲ ਸਾਹਿਬ ਤੇ ਇਕਾਈ ਝੰਡੇਰ ਮਹਾਂਪੁਰਖਾਂ ਦੀ ਇਕਾਈ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਗਿੱਲ ਤੇ ਇਕਾਈ ਝੰਡੇਰ ਮਹਾਂਪੁਰਖਾਂ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ’ਚ ਜ਼ਿਲ੍ਹੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ ਤੇ ਖਡੂਰ ਸਾਹਿਬ ਵਿਖੇ ਐੱਸਡੀਐੱਮ ਦਫ਼ਤਰ ’ਚ ਜਾ ਕੇ ਇਲਾਕੇ ’ਚ ਲੱਗ ਰਹੀ ਕੈਂਪਾਕੋਲਾ ਫੈਕਟਰੀ ਤੇ ਜੇਲ੍ਹ ਵਿਚ ਲੱਗੇ ਜੈਮਰਾਂ ਬਾਰੇ ਮੰਗ ਪੱਤਰ ਦਿੱਤੇ ਗਏ। ਕਾਫੀ ਦਿਨਾਂ ਤੋਂ ਇਲਾਕੇ ’ਚ ਇਕ ਮੰਗ ਬੜੇ ਜ਼ੋਰ ਨਾਲ ਚੱਲ ਰਹੀ ਸੀ ਕਿ ਜੋ ਇਹ ਕੈਂਪਾਕੋਲਾ ਫੈਕਟਰੀ ਸ੍ਰੀ ਗੋਇੰਦਵਾਲ ਸਾਹਿਬ ’ਚ ਲੱਗਣ ਜਾ ਰਹੀ ਹੈ, ਇਸ ਨਾਲ ਇਲਾਕੇ ’ਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਜਾਵੇਗੀ। ਕਿਉਂਕਿ ਲਗਭਗ ਇਕ ਕਰੋੜ ਲੀਟਰ ਪਾਣੀ ਜ਼ਮੀਨ ’ਚੋਂ ਰੋਜ਼ਾਨਾ ਇਸ ਕੰਪਨੀ ਵੱਲੋਂ ਲਿਆ ਜਾਵੇਗਾ, ਜਿਸ ਨਾਲ ਇਲਾਕੇ ’ਚ ਜ਼ਮੀਨ ਬੰਜਰ ਹੋ ਜਾਵੇਗੀ। ਫਿਰ ਉਹ ਹੀ ਪਾਣੀ ਬਿਨਾਂ ਫਿਲਟਰ ਕੀਤੇ ਜ਼ਮੀਨ ’ਚ ਪਾਇਆ ਜਾਵੇਗਾ, ਜਿਸ ਨਾਲ ਸਾਡੇ ਇਲਾਕੇ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ। ਇਸ ਇਲਾਕੇ ਦੀ ਸੰਗਤ ਦੀ ਮੰਗ ਨੂੰ ਮੁੱਖ ਰੱਖਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਸ੍ਰੀ ਗੋਇੰਦਵਾਲ ਸਾਹਿਬ ਤੇ ਇਕਾਈ ਝੰਡੇਰ ਮਹਾਂਪੁਰਖਾਂ ਵੱਲੋਂ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਇਲਾਕੇ ਦੇ ਸਕੂਲਾਂ, ਧਾਰਮਿਕ ਸੰਸਥਾਵਾਂ ਤੇ ਹੋਰ ਵੀ ਬਹੁਤ ਸਾਰੇ ਮੋਹਤਬਰ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਸਾਰੇ ਇਲਾਕੇ ’ਚ ਇਕ ਦਸਤਖਤ ਮੁਹਿੰਮ ਚਲਾ ਕੇ ਮੰਗ ਪੱਤਰ ਤਿਆਰ ਕੀਤਾ ਗਿਆ। ਉਸ ’ਤੇ ਹੋਣ ਵਾਲੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਲਿਖਣ ਤੋਂ ਬਾਅਦ ਅੱਜ ਇਹ ਮੰਗ ਪੱਤਰ ਇਲਾਕੇ ਦੀਆਂ ਸੰਗਤਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਦੇ ਐੱਸਐੱਸਪੀ ਸੁਰਿੰਦਰ ਲਾਂਬਾ, ਸਹਾਇਕ ਕਮਿਸ਼ਨਰ ਰੋਬਨਜੀਤ ਕੌਰ ਅਤੇ ਐੱਸਡੀਐੱਮ ਖਡੂਰ ਸਾਹਿਬ ਦੇ ਦਫਤਰ ਵਿਖੇ ਸੁਪਰਡੈਂਟ ਨੂੰ ਇਸ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਮੰਗ ਪੱਤਰ ਸੌਂਪਿਆ ਗਿਆ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਹੀ ਇਕ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ। ਇਸੇ ਤਰ੍ਹਾਂ ਹੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋ ਜੈਮਰ ਲੱਗੇ ਹਨ ਉਸ ਬਾਰੇ ਵੀ ਕੁਝ ਦਿਨ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ। ਉਸ ਉਪਰ ਅਮਲ ਕਰਦਿਆਂ ਐੱਸਡੀਐੱਮ ਖਡੂਰ ਸਾਹਿਬ ਦੀ ਅਗਵਾਈ ’ਚ ਡੀਸੀ ਦਫਤਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ, ਜਿਸ ’ਤੇ ਅੱਗੇ ਅਮਲ ਚੱਲ ਰਿਹਾ ਹੈ। ਇਸ ਬਾਰੇ ਵੀ ਐੱਸਡੀਐੱਮ ਖਡੂਰ ਸਾਹਿਬ ਦੇ ਦਫਤਰ ਵਿਖੇ ਸੁਪਰਡੈਂਟ ਸਾਹਿਬ ਨੂੰ ਜਾਣੂੰ ਕਰਵਾਇਆ ਗਿਆ। ਐੱਸਡੀਐੱਮ ਸ੍ਰੀ ਖਡੂਰ ਸਾਹਿਬ ਦੇ ਦਫਤਰ ਵੱਲੋਂ ਵੀ ਇਹ ਯਕੀਨ ਦਿਵਾਇਆ ਗਿਆ ਕਿ ਇਲਾਕੇ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦੇ ਹੋਏ ਬਹੁਤ ਜਲਦ ਹੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ। ਅੱਜ ਵੱਖ-ਵੱਖ ਥਾਵਾਂ ’ਤੇ ਮੰਗ ਪੱਤਰ ਸੌਂਪਣ ਸਮੇਂ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਝੰਡੇਰ ਮਹਾਂਪੁਰਖਾਂ, ਹਰੀ ਸਿੰਘ ਝੰਡੇਰ ਮਹਾਂਪੁਰਖਾਂ, ਇਕਬਾਲ ਸਿੰਘ ਢੋਟੀ, ਸੁਰਿੰਦਰ ਸਿੰਘ ਢੋਟੀ, ਬਲਵਿੰਦਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਰੰਧਾਵਾ, ਸ਼ੈਲੀ ਸਿੰਘ ਆਦਿ ਹਾਜ਼ਰ ਸਨ।