ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਭਾਈ ਵੀਰ ਸਿੰਘ ਬਿਰਧ ਘਰ ’ਚ ਲਗਾਇਆ ਵਿਸ਼ੇਸ਼ ਸੈਮੀਨਾਰ
ਲੋਕ ਅਦਾਲਤ ’ਚ ਫ਼ੈਸਲਾ ਹੋਣ ਨਾਲ ਧਿਰਾਂ ’ਚ ਦੁਸ਼ਮਣੀ ਘਟਦੀ ਹੈ ਤੇ ਧਿਰਾਂ ’ਚ ਭਾਈਚਾਰਾ ਵੱਧਦਾ ਹੈ
Publish Date: Sun, 03 May 2026 07:35 PM (IST)
Updated Date: Mon, 04 May 2026 04:14 AM (IST)

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਭਾਈ ਵੀਰ ਸਿੰਘ ਬਿਰਧ ਘਰ ’ਚ ਲਗਾਇਆ ਵਿਸ਼ੇਸ਼ ਸੈਮੀਨਾਰ ਸੀਜੇਐੱਮ ਕਿਰਨ ਜੋਤੀ ਨੇ ਸੁਣੀਆਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਕਿਰਨ ਜੋਤੀ ਵੱਲੋਂ ਭਾਈ ਵੀਰ ਸਿੰਘ ਬਿਰਧ ਘਰ ਤਰਨਤਾਰਨ ਵਿਖੇ ਵਿਸ਼ੇਸ਼ ਸੈਮੀਨਾਰ ਲਾਇਆ ਗਿਆ। ਇਸ ਦੌਰਾਨ ਉਨ੍ਹਾਂ ਬਿਰਧ ਘਰ ’ਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ, ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦਫ਼ਤਰ ਨਾਲ ਤਾਲਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਨੇ ਦੱਸਿਆ ਕਿ 9 ਮਈ ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ। ਨੈਸ਼ਨਲ ਲੋਕ ਅਦਾਲਤ ਦੇ ਬਹੁਤ ਸਾਰੇ ਲਾਭ ਹਨ, ਜਿਵੇਂ ਕਿ ਇਸ ਦੇ ਫ਼ੈਸਲੇ ਨਾਲ ਧਨ ਤੇ ਸਮੇਂ ਦੀ ਬੱਚਤ ਹੁੰਦੀ ਹੈ, ਇਸ ਦੇ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ, ਇਸ ਦੇ ਫ਼ੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ, ਲੋਕ ਅਦਾਲਤ ’ਚ ਫ਼ੈਸਲਾ ਹੋਣ ਨਾਲ ਧਿਰਾਂ ’ਚ ਦੁਸ਼ਮਣੀ ਘਟਦੀ ਹੈ ਤੇ ਧਿਰਾਂ ’ਚ ਭਾਈਚਾਰਾ ਵੱਧਦਾ ਹੈ, ਲੋਕ ਅਦਾਲਤ ’ਚ ਫ਼ੈਸਲੇ ਹੋਣ ਉਪਰੰਤ ਕੇਸ ’ਚ ਲੱਗੀ ਸਾਰੀ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਤਰਨਤਾਰਨ, ਸਬ ਡਵੀਜ਼ਨ ਪੱਟੀ ਅਤੇ ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ ਮੀਡੀਏਸ਼ਨ ਸੈਂਟਰ ਬਣਾਏ ਗਏ ਹਨ, ਜਿੱਥੇ ਧਿਰਾਂ ਦੇ ਝਗੜੇ ਦਾ ਸਮਝੌਤਾ ਆਪਸੀ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਕਚਹਿਰੀਆਂ ਤਰਨਤਾਰਨ ਵਿਖੇ ਪਰਮਾਨੈਂਟ ਲੋਕ ਅਦਾਲਤ ਸਥਾਪਿਤ ਕੀਤੀ ਗਈ ਹੈ, ਜਿਸ ’ਚ ਧਿਰਾਂ ਦਾ ਆਪਸੀ ਰਜ਼ਾਮੰਦੀ ਨਾਲ ਫ਼ੈਸਲਾ ਕਰਵਾਇਆ ਜਾਂਦਾ ਹੈ, ਜਿਸ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਇਸ ਮੌਕੇ ਭਾਈ ਵੀਰ ਬਿਰਧ ਘਰ ਤਰਨਤਾਰਨ ਦੀ ਪ੍ਰਬੰਧਕ ਕਮੇਟੀ ਵੀ ਮੌਜੂਦ ਰਹੀ।