ਡਿਪਟੀ ਕਮਿਸ਼ਨਰ ਨੇ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਡਰੇਨਾਂ ਦੀ ਸਫ਼ਾਈ, ਗਾਰ ਕੱਢਣ ਤੇ ਨਾਜ਼ੁਕ ਕੰਢਿਆਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ।
Publish Date: Tue, 05 May 2026 05:00 PM (IST)
Updated Date: Wed, 06 May 2026 04:06 AM (IST)

-ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ-ਪਹਿਲਾਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ -ਦਰਿਆ ਨਾਲ ਲੱਗਦੇ ਸੰਵੇਦਨਸ਼ੀਲ ਇਲਾਕਿਆਂ ’ਚ ਹੜ੍ਹ ਰੋਕੂ ਕੰਮਾਂ ਨੂੰ ਮੁਕੰਮਲ ਕਰਨ ਦੀਆਂ ਹਦਾਇਤਾਂ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ ਰਾਹੁਲ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇ ਨਜ਼ਰ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ-ਪਹਿਲਾਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਤਾਂ ਜੋ ਮਾਨਸੂਨ ਦੌਰਾਨ ਜੇਕਰ ਕੋਈ ਸੰਕਟ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਸਹੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਰਿਆ ਸਤਲੁਜ ਨਾਲ ਲੱਗਦੀਆਂ ਸੰਵੇਦਨਸ਼ੀਲ ਥਾਵਾਂ ਤੇ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਨੇ ਧੁੱਸੀ ਬੰਨ੍ਹ ਤੇ ਐਡਵਾਂਸ ਬੰਨ੍ਹ ਨਾਲ ਲੱਗਦੇ ਇਲਾਕਿਆਂ ’ਚ ਹੜ੍ਹ ਰੋਕੂ ਕੰਮਾਂ ਨੂੰ ਬਰਸਾਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ ਤੇ ਦਰਿਆ ਨੂੰ ਆਉਂਦੇ ਰਾਹਾਂ ਦੀ ਸਫ਼ਾਈ ਤੇ ਮਜ਼ਬੂਤੀਕਰਨ ਦੇ ਵੀ ਹੁਕਮ ਦਿੱਤੇ, ਤਾਂ ਜੋ ਹੰਗਾਮੀ ਹਾਲਾਤ ’ਚ ਮਸ਼ੀਨਰੀ ਆਦਿ ਨੂੰ ਦਰਿਆ ਤਕ ਲਿਆਉਣ ’ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਡਰੇਨਾਂ ਦੀ ਸਫ਼ਾਈ, ਗਾਰ ਕੱਢਣ ਤੇ ਨਾਜ਼ੁਕ ਕੰਢਿਆਂ ਨੂੰ ਮਜ਼ਬੂਤ ਕਰਨ ਦੇ ਕੰਮ ਨੂੰ ਤਰਜੀਹ ਦੇ ਆਧਾਰ ਤੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ। ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਰਾਹੁਲ ਨੇ ਪਹਿਲਾਂ ਤੋਂ ਪੁਖਤਾ ਪ੍ਰਬੰਧ ਮੁਕੰਮਲ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਚੱਲ ਰਹੇ ਹੜ੍ਹਾਂ ਤੋਂ ਬਚਾਅ ਸਬੰਧੀ ਕੰਮਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਯਕੀਨੀ ਬਣਾਉਣ। ਉਨ੍ਹਾਂ ਹੜ੍ਹਾਂ ਦੌਰਾਨ ਵਰਤੇ ਜਾਂਦੇ ਸਾਰੇ ਸਾਜੋ-ਸਾਮਾਨ ਦੇ ਪ੍ਰਬੰਧ ਅਗੇਤੇ ਤੌਰ ਤੇ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐੱਸਡੀਐੱਮ ਖਡੂਰ ਸਾਹਿਬ ਸੰਜੀਵ ਸ਼ਰਮਾ, ਐੱਸਡੀਐੱਮ ਪੱਟੀ ਅਮਨਦੀਪ, ਐੱਸਡੀਐੱਮ ਭਿੱਖੀਵਿੰਡ ਜਗਦੀਪ ਸਿੰਘ ਅਤੇ ਸਹਾਇਕ ਕਮਿਸ਼ਨਰ ਰੌਬਿਨਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।