ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ 30 ਜੂਨ ਤਕ ਅਦਾ ਕਰਨ ਦੇ ਫ਼ੈਸਲੇ ਦਾ ਸਵਾਗਤ
ਕੇਂਦਰ ਦੇ ਮੁਲਾਜ਼ਮ ਹੁਣ ਪੰਜਾਬ ਦੇ 42 ਫ਼ੀਸਦੀ ਦੇ ਮੁਕਾਬਲੇ 60 ਫ਼ੀਸਦੀ ਮਹਿੰਗਾਈ ਭੱਤਾ ਪ੍ਰਾਪਤ ਕਰ ਰਹੇ ਹਨ।
Publish Date: Tue, 05 May 2026 05:13 PM (IST)
Updated Date: Wed, 06 May 2026 04:06 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਅਗਵਾਈ ਹੇਠ ਕਰਵਾਈ ਗਈ। ਸਟੇਜ ਸਕੱਤਰ ਸਵਰਨ ਸਿੰਘ ਗੋਇੰਦਵਾਲ ਨੇ ਮੀਟਿੰਗ ਦਾ ਏਜੰਡਾ ਦੱਸਿਆ। ਸੂਬਾਈ ਸਰਪ੍ਰਸਤ ਤੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ, ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ, ਧਰਮ ਸਿੰਘ ਖਡੂਰ ਸਾਹਿਬ ਤੇ ਸੁਰਿੰਦਰ ਸਿੰਘ ਤਰਨਤਾਰਨ ਆਦਿ ਪੈਨਸ਼ਨਰ ਆਗੂਆਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਪੈਂਡਿੰਗ ਮਹਿੰਗਾਈ ਭੱਤੇ ਪੰਜਾਬ ਸਰਕਾਰ ਨੂੰ 30 ਜੂਨ ਤਕ ਅਦਾ ਕਰਨ ਦੇ ਫ਼ੈਸਲੇ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਹਿੱਤਕਾਰੀ ਇਤਿਹਾਸਕ ਦੱਸਦਿਆਂ ਇਸ ਫ਼ੈਸਲੇ ਦਾ ਆਪਣੀ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਜੁਲਾਈ 2023 ਤੋਂ ਪੰਜਾਬ ਸਰਕਾਰ ਦੀ ਬਦਨੀਤੀ ਕਰ ਕੇ ਹਰ ਵਾਰ ਦਿੱਤੀ ਜਾਣ ਵਾਲੀ ਮਹਿੰਗਾਈ ਭੱਤੇ ਦੀ ਕਿਸ਼ਤ ਲੇਟ ਕਰਨ ਕਰ ਕੇ ਤੇ ਪਿਛਲੇ ਦੋ ਸਾਲ ਤੋਂ ਕੋਈ ਵੀ ਕਿਸ਼ਤ ਨਾ ਦੇਣ ਕਰ ਕੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਕੇਂਦਰ ਤੇ ਗੁਆਂਢੀ ਰਾਜਾਂ ਨਾਲੋਂ ਲੰਮੇ ਸਮੇਂ ਤੋਂ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ। ਇਸ ਵੇਲੇ ਤਾਂ ਇਹ ਕੇਂਦਰ ਦੇ ਮੁਲਾਜ਼ਮ ਹੁਣ ਪੰਜਾਬ ਦੇ 42 ਫ਼ੀਸਦੀ ਦੇ ਮੁਕਾਬਲੇ 60 ਫ਼ੀਸਦੀ ਮਹਿੰਗਾਈ ਭੱਤਾ ਪ੍ਰਾਪਤ ਕਰ ਰਹੇ ਹਨ। ਹਾਈਕੋਰਟ ਦੇ ਫ਼ੈਸਲੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਆਸ ਦੀ ਕਿਰਨ ਜਾਗੀ ਹੈ। ਪੈਨਸ਼ਨਰ ਆਗੂਆਂ ਨੇ ਹਾਈਕੋਰਟ ਦੇ ਫੈਸਲੇ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕੋਈ ਚਾਲ ਚੱਲ ਕੇ ਇਸ ਫੈਸਲੇ ਨੂੰ ਖੂਹ ਖਾਤੇ ਪਾ ਸਕਦੀ ਹੈ। ਪੰਜਾਬ ਦੀ ਮਾਨ ਸਰਕਾਰ ਡੰਗ ਟਪਾਉਣ ਤੇ ਸਮਾਂ ਲੰਘਾਉਣ ਲਈ ਹਾਈਕੋਰਟ ਦੇ ਫ਼ੈਸਲੇ ਨੂੰ ਟਾਲਣ ਦੀ ਕੋਸ਼ਿਸ਼ ਵਜੋਂ ਡਬਲ ਬੈਂਚ ਕੋਲ ਕੇਸ ਕਰਨ ਅਤੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਲਈ ਵੀ ਵਿੳਂਤਬੰਦੀ ਕਰ ਰਹੀ ਹੈ। ਸਰਕਾਰ ਦੇ ਲੋਕ ਵਿਰੋਧੀ ਮਨਸੂਬਿਆਂ ਖ਼ਿਲਾਫ਼ ਲਾਮਬੰਦ ਹੋ ਕੇ ਤਿੱਖਾ ਸੰਘਰਸ਼ ਕਰਨ ਦੀ ਲੋੜ ਹੈ। ਹੋਰਨਾਂ ਬੁਲਾਰਿਆਂ ’ਚੋਂ ਸਰਪ੍ਰਸਤ ਸੁਰਜੀਤ ਸਿੰਘ ਅਤੇ ਰਸ਼ਪਾਲ ਸਿੰਘ ਰੰਧਾਵਾ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਹਰਦੇਵ ਸਿੰਘ ਬਾਠ, ਸਰਵਣ ਸਿੰਘ ਰਸੂਲਪੁਰ ਤੇ ਅਰਜਨ ਸਿੰਘ ਆਦਿ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਅਦਾਇਗੀ ਹਿੱਤ ਦੇਰੀ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਬਜ਼ੁਰਗ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ‘ਤੇ ਕੋਈ ਭਰੋਸਾ ਨਹੀਂ ਰਿਹਾ। ਇਹ ਆਨੇ ਬਹਾਨੇ ਟਾਲਮਟੋਲ ਕਰ ਕੇ ਸਮਾਂ ਲੰਘਾਉਣ ਲੱਗੀ ਹੋਈ ਹੈ। ਇਸ ਤੋਂ ਪੰਜਾਬ ਦੇ ਆਮ ਲੋਕਾਂ ਨੂੰ ਵੀ ਕੋਈ ਉਮੀਦ ਨਹੀਂ ਹੈ। ਸਰਕਾਰ ਵੱਲੋਂ ਆਪਣੇ ਤੌਰ ‘ਤੇ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਲੋਕ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਮਹਿਸੂਸ ਕਰ ਰਹੇ ਹਨ। ਮੀਟਿੰਗ ’ਚ ਸ਼ਾਮਿਲ ਪੈਨਸ਼ਨਰ ਆਗੂਆਂ ’ਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ, ਕੁਲਵੰਤ ਸਿੰਘ, ਹਰਸੁਖਦੇਵ ਸਿੰਘ, ਚਰਨਜੀਤ ਸਿੰਘ, ਪ੍ਰੇਮ ਪ੍ਰਕਾਸ਼, ਰਕੇਸ਼ ਕੁਮਾਰ ਸ਼ਰਮਾ, ਜਗਦੀਸ਼ ਕੁਮਾਰ ਹਾਂਡਾ, ਸਰੂਪ ਸਿੰਘ, ਭਜਨ ਸਿੰਘ, ਬਲਰਾਮ ਕੁਮਾਰ, ਮੇਜਰ ਸਿੰਘ, ਸਰੂਪ ਸਿੰਘ, ਜਸਬੀਰ ਸਿੰਘ, ਪ੍ਰਿੰਸੀਪਲ ਸੁੱਖਾ ਸਿੰਘ, ਅਰਜਨ ਸਿੰਘ, ਕਰਮ ਸਿੰਘ, ਪ੍ਰਿਤਪਾਲ ਸਿੰਘ, ਲਾਲ ਸਿੰਘ, ਦਲਬੀਰ ਸਿੰਘ, ਕੁਲਦੀਪ ਭਾਰਤੀ, ਬਲਬੀਰ ਸਿੰਘ, ਪ੍ਰਵੀਨ ਕੌਰ, ਜਸਵਿੰਦਰ ਸਿੰਘ, ਹਰਵੰਤ ਸਿੰਘ, ਅਮਰਜੀਤ ਕੌਰ, ਬਸੰਤ ਕੌਰ ਆਦਿ ਨੇ ਉਤਸ਼ਾਹ ਨਾਲ ਭਾਗ ਲਿਆ।