ਪਤਨੀ ਨਾਲ ਝਗੜ ਰਹੇ ਸਾਲੇ ਨੂੰ ਹਟਾਉਣ ਗਏ ਜੀਜੇ ਦਾ ਸਾਲੇ ਨੇ ਕਰ ’ਤਾ ਕਤਲ
ਮ੍ਰਿਤਕ ਦਾ ਸਾਲਾ ਸ਼ਰਾਬੀ ਹਾਲਤ ’ਚ ਆਪਣੀ ਪਤਨੀ ਨਾਲ ਝਗੜ ਰਿਹਾ ਸੀ, ਜਿਸ ਨੂੰ ਹਟਾਉਣ ਲਈ ਗਏ ਜੀਜੇ ਨੂੰ ਸਾਲੇ ਨੇ ਚਾਕੂ ਮਾਰ ਦਿੱਤਾ
Publish Date: Sun, 03 May 2026 08:56 PM (IST)
Updated Date: Mon, 04 May 2026 04:15 AM (IST)
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਦੀ ਗਲੀ ਨਾਥਾਂ ਵਾਲੀ ਵਾਸੀ ਨਾਥ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਉਸ ਦੇ ਸਾਲੇ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਇਹ ਘਟਨਾ ਕਸਬਾ ਵੈਰੋਂਵਾਲ ਵਿਖੇ ਵਾਪਰੀ, ਜਿੱਥੇ ਮ੍ਰਿਤਕ ਆਪਣੀ ਪਤਨੀ ਤੇ ਬੱਚਿਆਂ ਸਮੇਤ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਸਾਲਾ ਸ਼ਰਾਬੀ ਹਾਲਤ ’ਚ ਆਪਣੀ ਪਤਨੀ ਨਾਲ ਝਗੜ ਰਿਹਾ ਸੀ, ਜਿਸ ਨੂੰ ਹਟਾਉਣ ਲਈ ਗਏ ਜੀਜੇ ਨੂੰ ਸਾਲੇ ਨੇ ਚਾਕੂ ਮਾਰ ਦਿੱਤਾ। ਮੌਕੇ ’ਤੇ ਪੁੱਜੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਲੀ ਨਾਥਾਂ ਵਾਲੀ ਵਾਸੀ ਮੁਕੱਦਰ ਨਾਥ ਤੇ ਉਸ ਦੀ ਪਤਨੀ ਪੂਜਾ, ਗਲੀ ਦੇ ਹੋਰ ਪਰਿਵਾਰਾਂ ਸਮੇਤ ਕਣਕ ਦੀ ਉਗਰਾਹੀ ਲਈ ਵੈਰੋਂਵਾਲ ਇਲਾਕੇ ’ਚ ਗਏ ਸਨ ਤੇ ਉੱਥੇ ਹੀ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਹੇ ਸੀ। ਜਦੋਂਕਿ ਮੁਕੱਦਰ ਨਾਥ ਦਾ ਸਾਲਾ ਰੁਸ਼ਮਤ ਨਾਥ ਵੀ ਆਪਣੀ ਪਤਨੀ ਅੰਜੂ ਸਮੇਤ ਉੱਥੇ ਰਹਿ ਰਿਹਾ ਸੀ। ਮ੍ਰਿਤਕ ਮੁਕੱਦਰ ਨਾਥ ਦੇ ਭਰਾ ਰਾਮ ਨਾਥ ਪੁੱਤਰ ਮੁਮਾਰਕ ਨਾਥ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੁਕੱਦਰ ਨਾਥ ਦਾ ਸਾਲਾ ਰੁਸ਼ਮਤ ਨਾਥ ਆਪਣੀ ਪਤਨੀ ਅੰਜੂ ਨਾਲ ਝਗੜ ਰਿਹਾ ਸੀ। ਜਦੋਂ ਮੁਕੱਦਰ ਨਾਥ ਉਸ ਨੂੰ ਹਟਾਉਣ ਲਈ ਅੱਗੇ ਹੋਇਆ ਤਾਂ ਰੁਸ਼ਮਤ ਨੇ ਉਸ ਦੀ ਛਾਤੀ ’ਚ ਚਾਕੂ ਮਾਰ ਦਿੱਤੇ। ਪਰਿਵਾਰਕ ਮੈਂਬਰ ਤੇ ਉੱਥੇ ਰਹਿੰਦੇ ਹੋਰ ਪਰਿਵਾਰ ਗੰਭੀਰ ਜ਼ਖ਼ਮੀ ਮੁਕੱਦਰ ਨਾਥ ਨੂੰ ਜਦੋਂ ਤਰਨਤਾਰਨ ਦੇ ਹਸਪਤਾਲ ਲਿਆ ਰਹੇ ਸੀ ਤਾਂ ਬੋਹੜੀ ਚੌਕ ਦੇ ਕੋਲ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਪੂਜਾ ਨੇ ਦੱਸਿਆ ਕਿ ਉਸ ਦਾ ਭਰਾ ਰੁਸ਼ਮਤ ਸ਼ਰਾਬੀ ਹਾਲਤ ’ਚ ਸੀ, ਜਿਸ ਨੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਮੰਗ ਕੀਤੀ ਕਿ ਉਸ ਦੇ ਭਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ ਗਲੀ ਨਾਥਾਂ ਵਾਲੀ ਦੇ ਵਸਨੀਕਾਂ ਨੇ ਕਿਹਾ ਕਿ ਪਤੀ, ਪਤਨੀ ਦਾ ਮਾਮੂਲੀ ਤਕਰਾਰ ਸੀ। ਪਰ ਮੁਕੱਦਰ ਨਾਥ ਦੇ ਸਾਲੇ ਨੇ ਚਾਕੂ ਨਾਲ ਉਸ ਦਾ ਕਤਲ ਕਰਕੇ ਚਾਰ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਖਤਮ ਕਰ ਦਿੱਤਾ।
ਰੁਸ਼ਮਤ ਨਾਥ ਵਿਰੁੱਧ ਕਤਲ ਦਾ ਕੇਸ ਦਰਜ : ਇੰਸਪੈਕਟਰ ਪਰਮਜੀਤ ਸਿੰਘ ਵਿਰਦੀ
ਥਾਣਾ ਵੈਰੋਂਵਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਮ ਨਾਥ ਦੇ ਬਿਆਨਾਂ ’ਤੇ ਰੁਸ਼ਮਤ ਨਾਥ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਸੋਮਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।