ਅੱਗ ਲੱਗਣ ਨਾਲ ਦਸ ਪਸ਼ੂ ਝੁਲਸੇ, ਦੋ ਮੱਝਾਂ ਦੀ ਮੌਤ, ਦੋ ਗਾਵਾਂ ਤੇ ਤਿੰਨ ਮੱਝਾਂ ਗੰਭੀਰ
ਗੁਆਂਢੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਉਨ੍ਹਾਂ ਦੇ ਪਸ਼ੂ ਬੁਰੀ ਤਰ੍ਹਾਂ ਝੁਲਸ ਚੁੱਕੇ ਸਨ।
Publish Date: Sun, 03 May 2026 08:45 PM (IST)
Updated Date: Mon, 04 May 2026 04:15 AM (IST)
ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਭਿੱਖੀਵਿੰਡ ਨਜਦੀਕ ਪੈਂਦੇ ਪਿੰਡ ਬੈਂਕਾ ਵਿਖੇ ਤੜਕੇ ਦੋ ਵਜੇ ਆਏ ਤੇਜ਼ ਤੂਫ਼ਾਨ ਕਾਰਨ ਲੱਗੀ ਅੱਗ ਦੀ ਚੰਘਿਆੜੀ ਨਾਲ ਤੂੜੀ ਦੇ ਢੇਰ ਨੂੰ ਅੱਗ ਲੱਗ ਗਈ, ਜਿਸ ਕਾਰਨ ਦਸ ਪਸ਼ੂ ਝੁਲਸ ਗਏ। ਜਿਨ੍ਹਾਂ ’ਚੋਂ ਦੋ ਮੱਝਾਂ ਦੀ ਜਿੱਥੇ ਮੌਤ ਹੋ ਗਈ, ਉੱਥੇ ਹੀ ਦੋ ਗਾਵਾਂ ਤੇ ਤਿੰਨ ਮੱਝਾਂ ਦੇ ਬੁਰੀ ਤਰ੍ਹਾਂ ਨਾਲ ਸੜ ਜਾਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਬੈਂਕਾ ਦੇ ਵਸਨੀਕ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਪੂਰਾ ਪਰਿਵਾਰ ਘਰ ’ਚ ਸੌਂ ਰਿਹਾ ਸੀ। ਤੜਕੇ ਦੋ ਵਜੇ ਦੇ ਕਰੀਬ ਤੇਜ਼ ਤੂਫ਼ਾਨ ਨਾਲ ਆਈ ਚੰਗਿਆੜੀ ਕਾਰਨ ਉਨ੍ਹਾਂ ਦੇ ਘਰ ਬਾਹਰ ਪਈ ਤੂੜੀ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ ’ਚ ਪਸ਼ੂਆਂ ਲਈ ਬਣਾਇਆ ਗਿਆ ਸ਼ੈੱਡ ਵੀ ਆ ਗਿਆ। ਤੂਫ਼ਾਨ ਦੌਰਾਨ ਜਦੋਂ ਉਨ੍ਹਾਂ ਦੀ ਜਾਗ ਖੁੱਲ੍ਹੀ ਤਾਂ ਵੇਖਿਆ ਕਿ ਸ਼ੈੱਡ ਨੂੰ ਲੱਗੀ ਅੱਗ ਇੰਨੀ ਤੇਜ਼ ਸੀ ਕੀ ਬਰਾਂਡੇ ’ਚ ਬੰਨ੍ਹੇ ਪਸ਼ੂ ਵੀ ਅੱਗ ਦੀ ਲਪੇਟ ’ਚ ਆ ਚੁੱਕੇ ਸਨ। ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਉਦੋਂ ਤੱਕ ਉਨ੍ਹਾਂ ਦੇ ਪਸ਼ੂ ਬੁਰੀ ਤਰ੍ਹਾਂ ਝੁਲਸ ਚੁੱਕੇ ਸਨ।
========
6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨੁਕਸਾਨ : ਸੁਰਜੀਤ ਸਿੰਘ
ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਮੱਝਾਂ ਦੀ ਮੌਤ ਹੋ ਗਈ ਹੈ, ਤਿੰਨ ਹੋਰ ਗੰਭੀਰ ਹਾਲਤ ’ਚ ਹਨ। ਜਦੋਂਕਿ ਦੋ ਗਾਵਾਂ ਤੇ ਤਿੰਨ ਮੱਝਾਂ ਬੁਰੀ ਤਰ੍ਹਾਂ ਸੜ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਸਰਪੰਚ ਅਰਵਿੰਦਰ ਸਿੰਘ, ਰਣਜੀਤ ਸਿੰਘ, ਯਾਦਵਿੰਦਰ ਸਿੰਘ, ਜੱਸਾ ਸਿੰਘ, ਬਲਰਾਜ ਸਿੰਘ ਸਰਪੰਚ, ਚਮਕੌਰ ਸਿੰਘ ਨੰਬਰਦਾਰ ਆਦਿ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨ ਦੇ ਹੋਏ ਨੁਕਸਾਨ ਮੁਆਵਜ਼ਾ ਦਿੱਤਾ ਜਾਵੇ।