ਮਰਦਮਸ਼ੁਮਾਰੀ ’ਚ ਲੱਗੇ ਕਰਮਚਾਰੀਆਂ ਦਾ ਸਰਕਾਰ ਕਰੇ ਦੋ ਕਰੋੜ ਦਾ ਬੀਮਾ- ਅਧਿਆਪਕ ਆਗੂ
ਮਰਦਮਸ਼ੁਮਾਰੀ ਤੇ ਡਰੱਗ ਸਰਵੇ ’ਚ ਲੱਗੇ ਅਧਿਆਪਕਾਂ ਦਾ ਘੱਟੋ ਘੱਟ 2 ਕਰੋੜ ਪ੍ਰਤੀ ਕਰਮਚਾਰੀ ਬੀਮਾ ਕਰਵਾਇਆ ਜਾਵੇ ਤੇ ਇਸ ਡਿਊਟੀ ਦੇ ਬਦਲੇ ਕਮਾਈ ਛੁੱਟੀ ਦਿੱਤੀ ਜਾਵੇ।
Publish Date: Sun, 10 May 2026 04:31 PM (IST)
Updated Date: Mon, 11 May 2026 04:01 AM (IST)

ਮਰਦਮਸ਼ੁਮਾਰੀ ’ਚ ਲੱਗੇ ਕਰਮਚਾਰੀਆਂ ਦਾ ਸਰਕਾਰ ਕਰੇ ਦੋ ਕਰੋੜ ਦਾ ਬੀਮਾ : ਅਧਿਆਪਕ ਆਗੂ ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਆਗੂਆਂ ਸੂਬਾ ਸਕੱਤਰ ਅੰਮ੍ਰਿਤਪਾਲ ਸਿੰਘ ਬਾਕੀਪੁਰ, ਆਗੂ ਨਰਿੰਦਰ ਨੂਰ ਤੇ ਬਲਜੀਤ ਸਿੰਘ ਟੌਮ ਨੇ ਮਰਦਮਸ਼ੁਮਾਰੀ ’ਚ ਲੱਗੇ ਕਰਮਚਾਰੀਆਂ ਦਾ ਦੋ ਕਰੋੜ ਦਾ ਬੀਮਾ ਕਰਨ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ’ਚ ਪੰਜਾਬ ਦੇ ਸਕੂਲਾਂ ’ਚ ਸਿੱਖਿਆ ਦਾ ਮਾਹੌਲ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਰਿਹਾ ਹੈ। ਕਿਉਂਕਿ ਪੰਜਾਬ ਦੇ 90 ਫ਼ੀਸਦੀ ਅਧਿਆਪਕਾਂ ਦੀਆਂ ਡਿਊਟੀਆਂ ਜਾਂ ਤਾਂ ਮਰਦਮਸ਼ੁਮਾਰੀ ਤੇ ਜਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡਰੱਗ ਸੈਂਸਜ਼ ਸਰਵੇ ’ਚ ਲਾ ਦਿੱਤੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਅੱਜ-ਕੱਲ੍ਹ ਦੇ ਮਾਹੌਲ ਨੂੰ ਧਿਆਨ ’ਚ ਰੱਖਦੇ ਹੋਏ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਵੱਡੀ ਗਿਣਤੀ ’ਚ ਔਰਤ ਅਧਿਆਪਕਾਵਾਂ ਵੱਲੋਂ ਪਿੰਡਾਂ ਦੇ ਘਰੋਂ ਘਰੀਂ ਜਾ ਕੇ ਇਹ ਡਿਊਟੀਆਂ ਕੀਤੀਆਂ ਜਾਣੀਆਂ ਹਨ। ਆਗੂ ਨਰਿੰਦਰ ਨੂਰ ਤੇ ਬਲਜੀਤ ਟੌਮ ਨੇ ਕਿਹਾ ਕਿ ਸਰਕਾਰ ਪਹਿਲਾਂ ਅਧਿਆਪਕਾ ਦੀ ਸੁਰੱਖਿਆ ਯਕੀਨੀ ਬਣਾਏ, ਔਰਤ ਅਧਿਆਪਕਾਂ ਨੂੰ ਇਕ ਔਰਤ ਪੁਲਿਸ ਕਰਮਚਾਰੀ ਮੁਹੱਈਆ ਕਰਵਾਇਆ ਜਾਵੇ ਤੇ ਜੇਕਰ ਡਿਊਟੀ ਦੌਰਾਨ ਕੋਈ ਜਾਨ ਮਾਲ ਦਾ ਹਾਦਸਾ ਹੁੰਦਾ ਹੈ ਤਾਂ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰੀ ਲਵੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਰਦਮਸ਼ੁਮਾਰੀ ਤੇ ਡਰੱਗ ਸਰਵੇ ’ਚ ਲੱਗੇ ਅਧਿਆਪਕਾਂ ਦਾ ਘੱਟੋ ਘੱਟ 2 ਕਰੋੜ ਪ੍ਰਤੀ ਕਰਮਚਾਰੀ ਬੀਮਾ ਕਰਵਾਇਆ ਜਾਵੇ ਤੇ ਇਸ ਡਿਊਟੀ ਦੇ ਬਦਲੇ ਕਮਾਈ ਛੁੱਟੀ ਦਿੱਤੀ ਜਾਵੇ।