Tarntaran Crime : ਪੁੱਤਰ ਨੇ ਪਿਤਾ ਨੂੰ ਮਾਰੀ ਗੋਲ਼ੀ, ਮੌਤ ਮਗਰੋਂ ਸਬੂਤ ਮਿਟਾਉਣ ਲਈ ਕਰ ਦਿੱਤਾ ਸਸਕਾਰ
ਖੇਮਕਰਨ ਦੇ ਪਿੰਡ ਬਹਾਦਰ ਨਗਰ ’ਚ ਮਾਮੂਲੀ ਵਿਵਾਦ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਏਨਾ ਨਹੀਂ ਸਬੂਤ ਮਿਟਾਉਣ ਲਈ ਘਰੋਂ 150 ਮੀਟਰ ਦੂਰ ਸ਼ਮਸ਼ਾਨਘਾਟ ’ਚ ਜਾ ਕੇ ਉਸ ਦਾ ਸਸਕਾਰ ਵੀ ਕਰ ਦਿੱਤਾ।
Publish Date: Sun, 05 Oct 2025 07:21 PM (IST)
Updated Date: Sun, 05 Oct 2025 07:31 PM (IST)
ਸਟਾਫ ਰਿਪੋਰਟ, ਪੰਜਾਬੀ ਜਾਗਰਣ, ਤਰਨਤਾਰਨ : ਖੇਮਕਰਨ ਦੇ ਪਿੰਡ ਬਹਾਦਰ ਨਗਰ ’ਚ ਮਾਮੂਲੀ ਵਿਵਾਦ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਏਨਾ ਨਹੀਂ ਸਬੂਤ ਮਿਟਾਉਣ ਲਈ ਘਰੋਂ 150 ਮੀਟਰ ਦੂਰ ਸ਼ਮਸ਼ਾਨਘਾਟ ’ਚ ਜਾ ਕੇ ਉਸ ਦਾ ਸਸਕਾਰ ਵੀ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਵਲਹੋਟਾ ਦੀ ਪੁਲਿਸ ਨੇ ਸੁਖਵੰਤ ਸਿੰਘ ਦੀਆਂ ਅਸਥੀਆਂ ਤੇ ਹੋਰ ਸਬੂਤ ਕਬਜ਼ੇ ’ਚ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਵਾਰਦਾਤ ਤੋਂ ਬਾਅਦ ਫ਼ਰਾਰ ਹੋਏ ਮੁਲਜ਼ਮ ਦਾ ਅਜੇ ਸੁਰਾਗ ਨਹੀਂ ਮਿਲਿਆ।
ਪਿੰਡ ਬਹਾਦਰ ਨਗਰ ਦੀ ਜਸਵੀਰ ਕੌਰ ਨੇ ਦੱਸਿਆ ਕਿ ਝੋਨਾ ਮੰਡੀ ਲੈ ਕੇ ਜਾਣ ’ਤੇ ਉਸ ਤੇ ਸਾਬਕਾ ਫ਼ੌਜੀ ਪਤੀ ਸੁਖਵੰਤ ਸਿੰਘ ਤੇ ਵਿਆਹੇ ਹੋਏ ਪੁੱਤਰ ਸਤਵਿੰਦਰ ਸਿੰਘ ’ਚ ਝਗੜਾ ਹੋ ਗਿਆ। ਸ਼ਨਿਚਰਵਾਰ ਨੂੰ ਸੁਖਵੰਤ ਨੇ ਸ਼ਰਾਬ ਪੀਤੀ ਹੋਈ ਸੀ। ਇਸੇ ਦੌਰਾਨ ਦੋਵਾਂ ਵਿਚਕਾਰ ਮੁੜ ਵਿਵਾਦ ਹੋ ਗਿਆ। ਸੁਖਵੰਤ ਆਪਣੇ ਕਮਰੇ ’ਚੋਂ ਡਬਲ ਬੈਰਲ ਲਾਇਸੈਂਸੀ ਰਾਈਫਲ ਲੈ ਕੇ ਆਇਆ। ਸਤਵਿੰਦਰ ਨੇ ਉਸ ਤੋਂ ਰਾਈਫਲ ਖੋਹ ਲਈ ਤੇ ਇਕ ਫਾਇਰ ਕਰ ਦਿੱਤਾ। ਪੱਟ ’ਤੇ ਗੋਲ਼ੀ ਲੱਗਣ ਨਾਲ ਸੁਖਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਦੇ ਮੈਂਬਰ ਉਸ ਨੂੰ ਸਰਕਾਰੀ ਹਸਪਤਾਲ ਲਿਆਏ। ਡਾਕਟਰ ਨੇ ਜਾਂਚ ਤੋਂ ਬਾਅਦ ਉਸ ਨੂੰ ਮਿ੍ਰਤ ਐਲਾਨ ਦਿੱਤਾ। ਮੌਤ ਦਾ ਕਾਰਨ ਖੂਨ ਜ਼ਿਆਦਾ ਵਹਿਣਾ ਦੱਸਿਆ ਗਿਆ ਹੈ। ਸਤਵਿੰਦਰ ਪਿਤਾ ਦੀ ਲਾਸ਼ ਲੈ ਕੇ ਘਰ ਆ ਗਿਆ ਤੇ ਸ਼ਮਸ਼ਾਨ ਘਾਟ ਲਿਜਾ ਕੇ ਸਸਕਾਰ ਕਰ ਦਿੱਤਾ। ਸੂਚਨਾ ਮਿਲਦੇ ਹੀ ਸਬ ਡਵੀਜ਼ਨ ਭਿਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ, ਥਾਣਾ ਵਲਟੋਹਾ ਇੰਚਾਰਜ ਗੁਰਮੁਖ ਸਿੰਘ, ਡਿਊਟੀ ਅਧਿਕਾਰੀ ਨਿਰਮਲ ਸਿੰਘ ਮੌਕੇ ’ਤੇ ਪੁੱਜੇ। ਪੜਤਾਲ ’ਚ ਦੇਖਿਆ ਗਿਆ ਕਿ ਸਾਬਕਾ ਫ਼ੌਜੀ ਸੁਖਵੰਤ ਸਿੰਘ ਦੀ ਲਾਸ਼ ਦਾ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਿਸ ਨੇ ਮ੍ਰਿਤਕ ਦੀਆਂ ਅਸਥੀਆਂ, ਘਰ ਦੇ ਵਿਹੜੇ ’ਚੋਂ ਖੂਨ ਦੇ ਸੈਂਪਲ ਤੇ ਹੋਰ ਸਬੂਤ ਕਬਜ਼ੇ ’ਚ ਲੈ ਲਏ। ਜਸਵੀਰ ਕੌਰ ਦੇ ਬਿਆਨਾਂ ’ਤੇ ਪੁੱਤਰ ਸਤਵਿੰਦਰ ਸਿੰਘ ’ਤੇ ਕੇਸ ਦਰਜ ਕਰ ਲਿਆ ਗਿਆ। ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਮੁਲਜੜਮ ਆਪਣੇ ਨਾਲ ਲੈ ਗਿਆ ਹੈ।