ਭਿੱਖੀਵਿੰਡ ਇਲਾਕੇ ’ਚ ਮਿੱਟੀ ਨਾਲ ਭਰੀਆਂ ਅਣਢੱਕੀਆਂ ਟਰਾਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਸਰਹੱਦੀ ਕਸਬਾ ਭਿੱਖੀਵਿੰਡ ਦੇ ਇਲਾਕੇ ’ਚ ਟਰੈਕਟਰ-ਟਰਾਲੀਆਂ ਦੀ ਵਰਤੋਂ ਰੇਤਾ, ਮਿੱਟੀ, ਇੱਟਾਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਲਈ ਕਰ ਕੇ ਜਿਥੇ ਖੇਤੀਬਾੜੀ ਵਾਹਨ ਦੀ ਵਰਤੋਂ ਵਪਾਰਕ ਤੌਰ ’ਤੇ ਕੀਤੀ ਜਾ ਰਹੀ ਹੈ। ਉਥੇ ਹੀ ਮਿੱਟੀ, ਰੇਤ ਤੇ ਇੱਟਾਂ ਆਦਿ ਨਾਲ ਭਰੀਆਂ ਟਰਾਲੀਆਂ ਨੂੰ ਬਿਨਾ ਢੱਕਿਆਂ ਚਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਨਾਲ ਹਾਦਸਿਆਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਜਦੋਂਕਿ ਇਹ ਟਰਾਲੀਆਂ ਇਲਾਕੇ ਦੀਆਂ ਮੁੱਖ ਸੜਕਾਂ ਦੇ ਨਾਲ ਨਾਲ ਨਾਕਿਆਂ ਅਗੋਂ ਵੀ ਬੇਖੌਫ ਲੰਘ ਜਾਂਦੀਆਂ ਹਨ। ਇੱਥੇ ਹੀ ਬੱਸ ਨਹੀਂ ਟਰਾਲੀ ਵਿਚ ਰੇਤਾ, ਮਿੱਟੀ ਅਤੇ ਇੱਟਾਂ ਨੂੰ ਜਿਥੇ ਟਰਾਲੀ ਦੇ ਡਾਲੇ ਤੋਂ ਉੱਪਰ ਤਕ ਭਰਿਆ ਹੁੰਦਾ ਹੈ, ਉਥੇ ਹੀ ਇਸ ਉੱਪਰ ਕੋਈ ਵੀ ਤਰਪਾਲ ਆਦਿ ਨਹੀਂ ਪਾਈ ਜਾਂਦੀ।
ਰੇਤਾ, ਮਿੱਟੀ ਦੀਆਂ ਟਰਾਲੀਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਬਾਵਜੂਦ ਬਿਨਾਂ ਢੱਕੇ ਤੋਂ ਸ਼ਹਿਰ ਅਤੇ ਮੁੱਖ ਸੜਕਾਂ ਤੋਂ ਲੰਘਦੀਆਂ ਹਨ, ਜਿਸ ਕਾਰਨ ਟਰਾਲੀਆਂ ਦੇ ਪਿੱਛੇ ਜਾਣ ਵਾਲੇ ਦੋਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ’ਚ ਰੇਤ, ਮਿੱਟੀ ਪੈਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂਕਿ ਅਕਸਰ ਹਾਦਸਿਆਂ ਦਾ ਕਾਰਨ ਵੀ ਇਹ ਟਰਾਲੀਆਂ ਬਣਦੀਆਂ ਹਨ। ਕਈ ਵਾਰ ਤਾਂ ਸੜਕ ’ਤੇ ਪਏ ਟੋਇਆਂ ਕਾਰਨ ਉਕਤ ਟਰਾਲੀਆਂ ਲੰਘਦੀਆਂ ਹਨ ਤਾਂ ਇਨ੍ਹਾਂ ਤੋਂ ਰੇਤਾ, ਮਿੱਟੀ ਆਦਿ ਸੜਕਾਂ ’ਤੇ ਡਿੱਗ ਜਾਂਦੀ ਹੈ। ਨੈਸ਼ਨਲ ਹਾਈਵੇ ਹੋਵੇ ਜਾਂ ਫਿਰ ਲਿੰਕ ਸੜਕਾਂ, ਅਜਿਹੀਆਂ ਟਰੈਕਟਰ ਟਰਾਲੀਆਂ ਕਿਸੇ ਨਾ ਕਿਸੇ ਮੋੜ ’ਤੇ ਨਜ਼ਰ ਆ ਹੀ ਜਾਣਗੀਆਂ। ਪਰ ਨਾ ਤਾਂ ਟਰਾਂਸਪੋਰਟ ਵਿਭਾਗ ਇਨ੍ਹਾਂ ਨੂੰ ਨੱਥ ਪਾਉਣ ਲਈ ਨਾ ਤਾਂ ਕੋਈ ਗੰਭੀਰਤਾ ਦਿਖਾ ਰਿਹਾ ਹੈ ਅਤੇ ਨਾ ਹੀ ਟਰੈਫਿਕ ਪੁਲਿਸ। ਉਥੇ ਹੀ ਮਿੱਟੀ ਆਦਿ ਢੋਹਣ ਵਾਲੀਆਂ ਟਰਾਲੀਆਂ ਦੇ ਪਿੱਛੇ ਨਾ ਤਾਂ ਕੋਈ ਲਾਈਟ ਹੁੰਦੀ ਹੈ ਤੇ ਨਾ ਹੀ ਰਿਫਲੈਕਟਰ, ਜਿਸ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਨਗਰ ਪੰਚਾਇਤ ਭਿੱਖੀਵਿੰਡ ਦੇ ਸੈਨੇਟਰੀ ਇੰਸਪੈਕਟਰ ਅਜੇਪਾਲ ਸਿੰਘ ਨੇ ਕਿਹਾ ਕਿ ਟਰੈਕਟਰ ਟਰਾਲੀਆਂ ਤੇ ਕਾਰਵਾਈ ਕਰਨਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।
ਸ਼ਰੇਆਮ ਹੋ ਰਹੀ ਟਰੈਫਿਕ ਨਿਯਮਾਂ ਦੀ ਉਲੰਘਣਾ : ਸੁਖਦੇਵ ਸਿੰਘ ਕਾਲਾ
ਸੀਪੀਆਈ ਆਗੂ ਕਾਮਰੇਡ ਸੁਖਦੇਵ ਸਿੰਘ ਕਾਲਾ ਦਾ ਕਹਿਣਾ ਹੈ ਕਿ ਟਰਾਲੀਆਂ ਦੀ ਕਮਰਸ਼ੀਅਲ ਵਰਤੋਂ ਸਰਾਸਰ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀਆਂ ਵਿਚ ਸਿਰਫ ਓਵਰਲੋਡ ਰੇਤਾ ਜਾਂ ਮਿੱਟੀ ਹੀ ਲੱਦੀ ਨਹੀਂ ਹੁੰਦੀ, ਸਗੋਂ ਇਨ੍ਹਾਂ ’ਤੇ ਭਾਰੀ ਸਾਊਂਡ ਵਾਲੇ ਸਪੀਕਰ ਵੀ ਲੱਗੇ ਹੁੰਦੇ ਹਨ ਅਤੇ ਉੱਚੀ ਆਵਾਜ਼ ’ਚ ਗਾਣੇ ਵਜਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਉਨ੍ਹਾਂ ਕਿਹਾ ਕਿ ਅਜਿਹੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦੇ ਵਾਹਨਾਂ ਨੂੰ ਜ਼ਬਤ ਕਰ ਲੈਣਾ ਚਾਹੀਦਾ ਹੈ। ਸਰਕਾਰ ਵੱਲੋਂ ਰੋਕ ਦੇ ਬਾਵਜੂਦ ਅਜਿਹੇ ਵਾਹਨਾਂ ਦੀ ਵਪਾਰਕ ਵਰਤੋਂ ਦਾ ਸਿਲਸਿਲਾ ਜਾਰੀ ਹੀ ਨਹੀਂ ਹੈ, ਬਲਕਿ ਅਜਿਹੇ ਵਾਹਨ ਸ਼ਹਿਰ ਦੇ ਨਾਕਿਆਂ ਤੋਂ ਵੀ ਰੋਜ਼ ਲੰਘਦੇ ਹਨ। ਜਿਨ੍ਹਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ।
ਨਿਯਮ ਤੋੜਨ ਵਾਲਿਆਂ ’ਤੇ ਹੋਵੇ ਕਾਰਵਾਈ : ਸੁਖਦੇਵ ਅਰੋੜਾ
ਸਮਾਜ ਸੇਵਕ ਅਤੇ ਯੂਥ ਫਰੈਂਡਜ ਕਲੱਬ ਭਿੱਖੀਵਿੰਡ ਦੇ ਪ੍ਰਧਾਨ ਸੁਖਦੇਵ ਅਰੋੜਾ ਨੇ ਕਿਹਾ ਕਿ ਸੜਕੀ ਨਿਯਮਾਂ ਨੂੰ ਤੋੜਨ ਵਾਲਿਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਇਨ੍ਹਾਂ ਕਾਰਨ ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਕਿਸੇ ਦੇ ਘਰ ਦਾ ਜਿਥੇ ਚਿਰਾਗ ਬੁੱਝਦਾ ਹੈ। ਉਥੇ ਹੀ ਬੇਕਸੂਰਾਂ ਦਾ ਖੂਨ ਵੀ ਸੜਕਾਂ ’ਤੇ ਅਜਾਈਂ ਡੁੱਲ੍ਹਦਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਜਿਹੇ ਵਾਹਨਾਂ ’ਤੇ ਸ਼ਿਕੰਜਾ ਕੱਸਿਆ ਜਾਵੇ।
ਨਿਯਮ ਤੋੜਨ ’ਤੇ ਹੁੰਦੀ ਹੈ ਕਾਰਵਾਈ : ਥਾਣਾ ਮੁਖੀ
ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਲਗਾਤਾਰ ਚਲਾਨ ਕੱਟੇ ਜਾਂਦੇ ਹਨ। ਚੌਕਾਂ ਚੁਰਾਹਿਆਂ ’ਚ ਅਜਿਹੇ ਵਾਹਨਾਂ ਨੂੰ ਰੋਕ ਕੇ ਕਾਰਵਾਈ ਅਧੀਨ ਲਿਆਇਆ ਜਾਂਦਾ ਹੈ। ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਜੋ ਨਿਯਮ ਤੋੜਦਾ ਪਾਇਆ ਗਿਆ, ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।