ਤਰਨਤਾਰਨ ਸਰਪੰਚ ਕਤਲ ਕਾਂਡ: ਪੁਲਿਸ ਮੁਕਾਬਲੇ ਤੋਂ ਬਾਅਦ ਸ਼ੂਟਰਾਂ ਦਾ ਸਹਿਯੋਗ ਕਰਨ ਵਾਲਾ ਸਾਥੀ ਸਣੇ ਕਾਬੂ, ਦੁਵੱਲੀ ਗੋਲੀਬਾਰੀ ਦੌਰਾਨ ਦੋਵੇਂ ਜ਼ਖ਼ਮੀ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ ਅਤੇ ਏਜੀਟੀਐੱਫ ਦੀਆਂ ਟੀਮਾਂ ਕਤਲ ਵਾਲੇ ਦਿਨ ਤੋਂ ਹੀ ਸ਼ੂਟਰਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ। ਐਤਵਾਰ ਸਵੇਰੇ ਇਕ ਸੂਚਨਾ ਦੇ ਅਧਾਰ ’ਤੇ ਉਹ ਨੌਸ਼ਹਿਰਾ ਪਨੂੰਆਂ ਇਲਾਕੇ ਵਿਚ ਮੌਜੂਦ ਸਨ।
Publish Date: Sun, 22 Feb 2026 09:25 AM (IST)
Updated Date: Sun, 22 Feb 2026 09:30 AM (IST)
ਜਸਪਾਲ ਸਿੰਘ ਜੱਸੀ/ਕੇਪੀ ਗਿੱਲ•ਪੰਜਾਬੀ ਜਾਗਰਣ, ਤਰਨਤਾਰਨ/ਕੈਰੋਂ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਰੋਂ ’ਚ ਸਥਿਤ ਵਿਆਹ ਪੈਲੇਸ ’ਚ ਚੱਲਦੇ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਪਾਰਟੀ ਦੇ ਸਰਪੰਚ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਸਥਾਨਕ ਪੁਲਿਸ ਨੇ ਐਤਵਾਰ ਤੜਕਸਾਰ ਪਿੰਡ ਨੌਸ਼ਹਿਰਾ ਪਨੂੰਆਂ ਦੇ ਕੋਲ ਇਕ ਮੁਕਾਬਲੇ ਤੋਂ ਬਾਅਦ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇਕ ਨੇ ਸ਼ੂਟਰਾਂ ਨੂੰ ਸਹਿਯੋਗ ਦਿੱਤਾ ਸੀ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ ਅਤੇ ਏਜੀਟੀਐੱਫ ਦੀਆਂ ਟੀਮਾਂ ਕਤਲ ਵਾਲੇ ਦਿਨ ਤੋਂ ਹੀ ਸ਼ੂਟਰਾਂ ਦੇ ਪਿੱਛੇ ਲੱਗੀਆਂ ਹੋਈਆਂ ਹਨ। ਐਤਵਾਰ ਸਵੇਰੇ ਇਕ ਸੂਚਨਾ ਦੇ ਅਧਾਰ ’ਤੇ ਉਹ ਨੌਸ਼ਹਿਰਾ ਪਨੂੰਆਂ ਇਲਾਕੇ ਵਿਚ ਮੌਜੂਦ ਸਨ। ਜਿਸ ਦੌਰਾਨ ਬਾਈਕ ਸਵਾਰ ਦੋ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਫਾਇਰ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਜਵਾਬੀ ਕਾਰਵਾਈ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਸ਼ਰਨਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ ਤੇ ਹਰਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ਰਨਪ੍ਰੀਤ ਸਿੰਘ ਨੇ ਸਰਪੰਚ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਦਾ ਸਹਿਯੋਗ ਕੀਤਾ ਸੀ। ਮੌਕੇ ਤੋਂ 30 ਬੋਰ ਅਤੇ 9ਐੱਮਐੱਮ ਦੇ ਦੋ ਪਿਸਟਲ ਬਰਾਮਦ ਹੋਏ ਹਨ।
ਸਿੱਧੂ ਫਾਰਮ ਦੇ ਮਾਲਕਾਂ ’ਤੇ ਕੇਸ ਦਰਜ
ਦੂਜੇ ਪਾਸੇ ਪੁਲਿਸ ਨੇ ਸਿੱਧੂ ਪੈਲੇਸ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚਾਲੂ ਹਾਲਤ ਵਿਚ ਨਾ ਹੋਣ। ਮੇਨ ਗੇਟ ’ਤੇ ਨਾ ਕੋਈ ਡੋਰ ਫਰੇਮ ਮੈਟਲ ਡਿਟੈਕਟਰ ਅਤੇ ਨਾ ਹੀ ਹਥਿਆਰ ਅੰਦਰ ਲਿਜਾਣ ’ਤੇ ਪਾਬੰਦੀ ਸਬੰਧੀ ਕੋਈ ਬੋਰਡ ਲਗਾਏ ਜਾਣ ਦੇ ਨਾਲ ਨਾਲ ਕੋਈ ਸੁਰੱਖਿਆ ਗਾਰਡ ਵੀ ਤਾਇਨਾਤ ਨਾ ਕਰਨ ਨੂੰ ਸੁਰੱਖਿਆ ਪ੍ਰਬੰਧਾਂ ਵਿਚ ਗੰਭੀਰ ਲਾਪਰਵਾਹੀ ਮੰਨਦਿਆਂ ਪੈਲੇਸ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ।