ਪਲਾਂ ’ਚ ਉੱਜੜਿਆ ਜਹਾਨ : ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਕਾਰ ਦੇ ਉੱਡੇ ਪਰਖੱਚੇ, ਪਤਨੀ ਤੇ ਬੱਚੇ ਦੀ ਮੌਤ
ਦਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਦੇ ਚੱਲਦਿਆਂ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਟਰੈਕਟਰ ਟਰਾਲੀ ਵੀ ਪੂਰੀ ਤਰਾ ਟੁੱਟ ਗਈ। ਉੱਧਰ, ਇੱਕੋ ਹੀ ਪਰਿਵਾਰ ਦੀਆਂ ਦੋ ਮੌਤਾਂ ਤੋਂ ਬਾਅਦ ਪਿੰਡ ਆਸਲ ਉਤਾੜ 'ਚ ਸੋਗ ਦੀ ਲਹਿਰ ਬਣੀ ਹੋਈ ਹੈ।
Publish Date: Sun, 08 Feb 2026 02:56 PM (IST)
Updated Date: Sun, 08 Feb 2026 03:13 PM (IST)
ਰਾਜਵਿੰਦਰ ਸਿੰਘ ਰਾਜੂ•ਪੰਜਾਬੀ ਜਾਗਰਣ, ਵਲਟੋਹਾ : ਅੰਮ੍ਰਿਤਸਰ-ਖੇਮਕਰਨ ਹਾਈਵੇ ’ਤੇ ਪੈਂਦੇ ਕਸਬਾ ਭਿੱਖੀਵਿੰਡ ’ਚ ਸੈਕਰਡ ਹਾਰਟ ਸਕੂਲ ਸਾਹਮਣੇ ਸਵਿਫਟ ਡਿਜ਼ਾਈਰ ਕਾਰ ਦੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਪਿੱਛੋਂ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ ਔਰਤ ਤੇ ਉਸਦੇ ਪੰਜ ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦੋਂਕਿ ਔਰਤ ਦਾ ਪਤੀ ਜੋ ਕਾਰ ਚਲਾ ਰਿਹਾ ਸੀ, ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਆਸਲ ਉਤਾੜ ਦੀਆਂ ਬਹਿਕਾਂ ਦੇ ਮਹਿਲ ਪਰਿਵਾਰ ਨਾਲ ਸਬੰਧਤ ਦਵਿੰਦਰ ਸਿੰਘ (30) ਪੁੱਤਰ ਕੁਲਦੀਪ ਸਿੰਘ, ਜੋ ਕਿ ਚੰਡੀਗੜ੍ਹ ਵਿਖੇ ਟੈਕਸੀ ਚਲਾਉਂਦਾ ਹੈ। ਬੀਤੀ ਰਾਤ ਸਵਿਫਟ ਡਿਜ਼ਾਈਰ ਕਾਰ ’ਤੇ ਆਪਣੀ ਪਤਨੀ ਪ੍ਰਭਜੀਤ ਕੌਰ ਤੇ ਪੰਜ ਸਾਲਾ ਲੜਕੇ ਫ਼ਤਹਿ ਸਿੰਘ ਸਮੇਤ ਸਹੁਰੇ ਪਿੰਡ ਫਤਾਹਪੁਰ ਵਿਖੇ ਸਾਲੀ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਜਦੋਂ ਉਹ ਖੇਮਕਰਨ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਕਸਬਾ ਭਿੱਖੀਵਿੰਡ ’ਚ ਸੈਕਰਡ ਹਾਰਟ ਸਕੂਲ ਦੇ ਕੋਲ ਪੁੱਜੇ ਤਾਂ ਅੱਗੇ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਕਾਰ ਟਕਰਾ ਗਈ। ਹਾਦਸੇ 'ਚ ਕਾਰ ਦੇ ਪਰਖੱਚੇ ਉੱਡ ਗਏ ਜਦੋਂਕਿ ਦਵਿੰਦਰ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਤੇ ਪੁੱਤਰ ਫਤਹਿ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦਵਿੰਦਰ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਦੇ ਚੱਲਦਿਆਂ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਟਰੈਕਟਰ ਟਰਾਲੀ ਵੀ ਪੂਰੀ ਤਰਾ ਟੁੱਟ ਗਈ। ਉੱਧਰ, ਇੱਕੋ ਹੀ ਪਰਿਵਾਰ ਦੀਆਂ ਦੋ ਮੌਤਾਂ ਤੋਂ ਬਾਅਦ ਪਿੰਡ ਆਸਲ ਉਤਾੜ 'ਚ ਸੋਗ ਦੀ ਲਹਿਰ ਬਣੀ ਹੋਈ ਹੈ।