ਤਰਨਤਾਰਨ ਪੁਲਿਸ ਨੇ ਤੋੜਿਆ ਪਾਕਿ ਹਮਾਇਤ ਪ੍ਰਾਪਤ ‘ਡ੍ਰੋਨ, ਡਰੱਗ, ਗੰਨ’ ਨੈਕਸਸ
ਤਰਨਤਾਰਨ ਜ਼ਿਲ੍ਹੇ ਦੀ ਕਰੀਬ 102 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਣ ਕਰ ਕੇ ਗੁਆਂਢੀ ਮੁਲਕ ਡ੍ਰੋਨਾਂ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ’ਚ ਲੱਗਾ ਰਹਿੰਦਾ ਹੈ
Publish Date: Mon, 04 May 2026 07:12 PM (IST)
Updated Date: Tue, 05 May 2026 04:12 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੇ ਸਰਹੱਦੀ ਪਿੰਡਾਂ ’ਚ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਡਰੱਗ ਤਸਕਰੀ ਦੇ ਨੈੱਟਵਰਕ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ। ਇਹ ਨੈੱਟਵਰਕ ਸੂਬੇ ’ਚ ਗੈਂਗਸਟਰਾਂ ਨੂੰ ਗੈਰ ਕਨੂੰਨੀ ਕਾਰੋਬਾਰ ਚਲਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਕਰ ਰਹੇ ਗੈਂਗਸਟਰ ਨੈੱਟਵਰਕਾਂ ਖਿਲਾਫ਼ ਠੋਸ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਇਕ ਸਾਲ ’ਚ 65 ਕਰੋੜ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਵਿੱਚੋਂ ਜ਼ਿਆਦਾਤਰ ਪਿਛਲੇ ਤਿੰਨ ਮਹੀਨਿਆਂ ’ਚ ਕੀਤੀ ਗਈ ਕਾਰਵਾਈ ਸ਼ਾਮਲ ਹੈ। ਇਹ ਜਾਇਦਾਦਾਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਗੈਂਗਸਟਰਾਂ ਅਤੇ ਡਰੱਗ ਤਸਕਰਾਂ ਨਾਲ ਜੁੜੀਆਂ ਹੋਈਆਂ ਸਨ ਤੇ ਇਨ੍ਹਾਂ ਰਾਹੀਂ ਉਹ ਆਪਣੀਆਂ ਗਤੀਵਿਧੀਆਂ ਚਲਾ ਰਹੇ ਸਨ। ਤਰਨਤਾਰਨ ਜ਼ਿਲ੍ਹੇ ਦੀ ਕਰੀਬ 102 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਣ ਕਰ ਕੇ ਗੁਆਂਢੀ ਮੁਲਕ ਡ੍ਰੋਨਾਂ ਰਾਹੀਂ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ’ਚ ਲੱਗਾ ਰਹਿੰਦਾ ਹੈ। ਮੌਜੂਦਾ ਸਮੇਂ ’ਚ ਤਸਕਰੀ ਦੇ ਢੰਗ-ਤਰੀਕੇ ਤੇਜ਼ੀ ਨਾਲ ਬਦਲੇ ਹਨ। ਪਰ ਪੁਲਿਸ ਨੇ ਵੀ ਨਵੀਂ ਰਣਨੀਤੀ ਅਪਣਾਈ ਹੋਈ ਹੈ। ਸਰਹੱਦੀ ਖੇਤਰਾਂ ’ਚ ‘ਡਰੋਨ, ਡਰੱਗ, ਗੰਨ’ ਨੈਕਸਸ ਹਾਈਟੈਕ ਆਪ੍ਰੇਸ਼ਨ ਮਾਡਲ ਵਜੋਂ ਸਾਹਮਣੇ ਆਇਆ ਹੈ। ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਰਾਹੀਂ ਪੁਲਿਸ ਨੇ ਅਜਿਹੇ ਨੈੱਟਵਰਕਾਂ ਖ਼ਿਲਾਫ ਆਪਣੀ ਪਕੜ ਮਜ਼ਬੂਤ ਕੀਤੀ ਹੈ। ਡ੍ਰੋਨਾਂ ਰਾਹੀਂ ਭਾਰਤੀ ਖੇਤਰ ’ਚ ਲਗਾਤਾਰ ਡਰੱਗ ਤੇ ਹਥਿਆਰ ਸੁੱਟੇ ਜਾ ਰਹੇ ਹਨ। ਇਹ ਖੇਪਾਂ ਸਰਹੱਦੀ ਇਲਾਕਿਆਂ ਤੋਂ ਇਕੱਠੀਆਂ ਕਰ ਕੇ ਵੱਖ-ਵੱਖ ਸ਼ਹਿਰਾਂ ’ਚ ਪਹੁੰਚਾਈਆਂ ਜਾਂਦੀਆਂ ਹਨ। ਜੋ ਸੰਗਠਿਤ ਅਪਰਾਧ ਗਿਰੋਹਾਂ ਲਈ ਆਮਦਨ ਦਾ ਵੱਡਾ ਸਰੋਤ ਬਣਿਆ ਹੋਇਆ ਹੈ। ===== ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣੀ ਹੋਈ ਹੈ ਡ੍ਰੋਨ ਪਹੁੰਚ ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਛੋਟੇ ਡ੍ਰੋਨ ਅੱਧਾ ਕਿਲੋ ਤੋਂ 12 ਕਿਲੋ ਤਕ ਭਾਰ ਢੋਅ ਸਕਦੇ ਹਨ। ਜਦੋਂਕਿ ਵੱਡੇ ਡ੍ਰੋਨ ਇਕ ਹੀ ਉਡਾਣ ’ਚ 25 ਕਿਲੋ ਤਕ ਖੇਪ ਲਿਜਾ ਸਕਦੇ ਹਨ। ਇਹ ਡ੍ਰੋਨ ਭਾਰਤੀ ਖੇਤਰ ਦੇ 5 ਤੋਂ 15 ਕਿਲੋਮੀਟਰ ਤਕ ਦਾਖ਼ਲ ਹੋਣ ਦੀ ਸਮਰੱਥਾ ਵੀ ਰੱਖਦੇ ਹਨ, ਜੋ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੂਜੀ ਸੁਰੱਖਿਆ ਕਤਾਰ ਹੋਣ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਨੇ ਖੁਫ਼ੀਆ ਆਧਾਰਿਤ ਕਾਰਵਾਈਆਂ ਰਾਹੀਂ ਠੋਸ ਨਤੀਜੇ ਹਾਸਲ ਕੀਤੇ ਹਨ। ==== ‘ਯੁੱਧ ਨਸ਼ਿਆਂ ਵਿਰੁੱਧ’ ਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ’ਚ 1736 ਮਾਮਲੇ ਦਰਜ, 2200 ਗ੍ਰਿਫਤਾਰੀਆਂ ਜ਼ਿਲ੍ਹਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮਾਂ ਤਹਿਤ ਹੁਣ ਤਕ 1736 ਮਾਮਲੇ ਦਰਜ ਕੀਤੇ ਹਨ ਤੇ 2200 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲ ਹੀ ’ਚ ਚਲਾਏ ਗਏ ‘ਆਪਰੇਸ਼ਨ ਪ੍ਰਹਾਰ’ ਦੌਰਾਨ ਛੇ ਦਿਨਾਂ ’ਚ 236 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ’ਚ 10 ਭਗੌੜੇ ਅਪਰਾਧੀ ਵੀ ਸ਼ਾਮਲ ਹਨ। ਇਸ ਦੌਰਾਨ 3.5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਮੁਹਿੰਮ ’ਚ 50 ਟੀਮਾਂ ਤਾਇਨਾਤ ਕੀਤੀਆਂ ਗਈਆਂ ਤੇ ਹਰ ਟੀਮ ’ਚ 10 ਪੁਲਿਸ ਕਰਮਚਾਰੀ ਸ਼ਾਮਲ ਸਨ। ====== ਕੈਮਰੇ, ਜੀਪੀਐੱਸ ਤੇ ਰੂਟ ਮੈਪ ਨਾਲ ਲੈਸ ਹੁੰਦੇ ਹਨ ਡ੍ਰੋਨ ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਲਈ ਐਂਟੀ ਡ੍ਰੋਨ ਸਿਸਟਮ ਸਥਾਪਤ ਕੀਤਾ ਗਿਆ ਹੈ ਤੇ 24 ਘੰਟੇ ਗਸ਼ਤ ਵੀ ਕੀਤੀ ਜਾ ਰਹੀ ਹੈ। ਬਰਾਮਦ ਡ੍ਰੋਨਾਂ ’ਚ ਕੈਮਰੇ, ਜੀਪੀਐੱਸ ਸਿਸਟਮ ਅਤੇ ਪਹਿਲਾਂ ਤੋਂ ਫੀਡ ਕੀਤੇ ਰੂਟ ਮੈਪ ਮਿਲੇ ਹਨ, ਜੋ ਤਸਕਰਾਂ ਦੀ ਤਕਨੀਕੀ ਸਮਰੱਥਾ ਨੂੰ ਦਰਸਾਉਂਦੇ ਹਨ। ਹਾਲ ਹੀ ’ਚ 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਗੈਂਗਸਟਰ ਡਰੱਗ ਤੇ ਹਥਿਆਰਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਨੈੱਟਵਰਕ ਮਜ਼ਬੂਤ ਕਰ ਰਹੇ ਹਨ। ਸਥਾਨਕ ਕਾਰਕੁਨਾਂ ਦਾ ਇਸਤੇਮਾਲ ਫਿਰੌਤੀ ਲਈ ਕੀਤਾ ਜਾਂਦਾ ਹੈ ਅਤੇ ਫ਼ੋਨ ਕਾਲਾਂ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਭੁਗਤਾਨ ਨਾ ਹੋਣ ਦੀ ਸੂਰਤ ਵਿਚ ਡਰ ਫੈਲਾਉਣ ਅਤੇ ਗੱਲ ਮਨਵਾਉਣ ਲਈ ਗੋਲੀਬਾਰੀ ਦਾ ਸਹਾਰਾ ਲਿਆ ਜਾਂਦਾ ਹੈ। ========= 2025 ’ਚ ਫੜੇ 1662 ਵਿਅਕਤੀ 244 ਕਿਲੋ ਹੈਰੋਇਨ ਬਰਾਮਦ ਹੋਈ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਪਿਛਲੇ ਤਿੰਨ ਮਹੀਨਿਆਂ ’ਚ ਨਾਰਕੋਟਿਕ ਡਰੱਗਸ ਐਂਡ ਸਾਈਕੋਟਰਾਪਿਕ ਸਬਸਟੈਂਸਿਜ਼ ‘ਐੱਨਡੀਪੀਐੱਸ’ ਐਕਟ ਅਧੀਨ 490 ਮਾਮਲੇ ਦਰਜ ਕੀਤੇ ਤੇ 630 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਦੋਂਕਿ 47.527 ਕਿਲੋ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਸਾਲ 2024 ’ਚ 313 ਮਾਮਲੇ ਦਰਜ ਹੋਏ, 358 ਗ੍ਰਿਫ਼ਤਾਰੀਆਂ ਹੋਈਆਂ ਤੇ 115 ਕਿਲੋ ਹੈਰੋਇਨ ਬਰਾਮਦ ਹੋਈ। ਜਦੋਂਕਿ ਪਿਛਲੇ ਸਾਲ 1334 ਮਾਮਲੇ ਦਰਜ ਹੋਏ, 1662 ਗ੍ਰਿਫ਼ਤਾਰੀਆਂ ਹੋਈਆਂ ਅਤੇ 244 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪੁਲਿਸ ਨੇ ਦੋ ਸ਼ੂਟਰਾਂ ਦੇ ਨਾਲ ਫ਼ਾਈਨਾਂਸਰ, ਆਪਰੇਟਰ ਅਤੇ 14 ਸਾਥੀ ਫੜੇ। ਸੋਸ਼ਲ ਮੀਡੀਆ ਖਾਤਿਆਂ ਅਤੇ ਬੈਂਕਿੰਗ ਲੈਣ-ਦੇਣ ਦੀ ਨਿਗਰਾਨੀ ਵੀ ਤੇਜ਼ ਕੀਤੀ, ਜਿਨ੍ਹਾਂ ’ਚ ਲੋਕਾਂ ਦੇ ਨਾਵਾਂ ’ਤੇ ਖਾਤੇ ਵਰਤੇ ਜਾਣ ਦਾ ਖੁਲਾਸਾ ਵੀ ਹੋਇਆ ਹੈ।