ਪੰਜਾਬ ਕ੍ਰਿਕਟ ਟੂਰਨਾਮੈਂਟ ’ਚ ਤਰਨਤਾਰਨ ਨੇ ਪਠਾਨਕੋਟ ਨੂੰ ਹਰਾਇਆ
ਤੇਜ਼ ਗੇਂਦਬਾਜ ਸੁਖਚੈਨ ਸਿੰਘ ਨੇ ਪੰਜ ਅਮਰਵੀਰ ਲਹਿਲ ਨੇ ਤਿੰਨ ਅਤੇ ਨਮਤਵੀਰ ਨੇ ਦੋ ਖਿਡਾਰੀਆਂ ਨੂੰ ਆਊਟ ਕੀਤਾ।
Publish Date: Tue, 28 Apr 2026 07:51 PM (IST)
Updated Date: Wed, 29 Apr 2026 04:17 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਮੁੰਡਿਆਂ ਦੇ ਅੰਡਰ-23 ਇਕ ਦਿਨਾ ਕ੍ਰਿਕਟ ਟੂਰਨਾਮੈਂਟ ਵਿਚ ਤਰਨਤਾਰਨ ਜ਼ਿਲ੍ਹੇ ਦੀ ਕ੍ਰਿਕਟ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਅੱਜ ਅੰਮ੍ਰਿਤਸਰ, ਪਠਾਨਕੋਟ ਦੀ ਕ੍ਰਿਕਟ ਟੀਮ ਨਾਲ ਖੇਡੇ ਗਏ ਮੈਚ ਵਿਚ ਤਰਨਤਾਰਨ ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਸ਼ਾਨਦਾਰ 346 ਦੌੜਾਂ ਬਣਾਈਆਂ। ਇਨ੍ਹਾਂ ’ਚ ਪਿਛਲੇ ਮੈਚ ਦੇ ਸ਼ਤਕਵੀਰ ਗਣੇਸ਼ ਨੇ 102 ਦੌੜਾਂ, ਇਮਰੋਜਪ੍ਰੀਤ ਨੇ 106 ਅਤੇ ਵਿਕਟ ਕੀਪਰ ਬੱਲੇਬਾਜ਼ ਸੁਖਦੀਪ ਵਿਰਦੀ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਤਰਨਤਾਰਨ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉੱਤਰੀ ਪਠਾਨਕੋਟ ਦੀ ਟੀਮ ਸ਼ੁਰੂ ’ਚ ਹੀ ਲੜਖੜਾ ਗਈ ਤੇ ਉਸ ਦਾ ਕੋਈ ਵੀ ਬੱਲੇਬਾਜ਼ ਕ੍ਰੀਜ਼ ’ਤੇ ਜਮ ਨਹੀਂ ਸਕਿਆ। ਤਰਨਤਾਰਨ ਦੇ ਤੇਜ਼ ਗੇਂਦਬਾਜ ਸੁਖਚੈਨ ਸਿੰਘ ਨੇ ਪੰਜ ਅਮਰਵੀਰ ਲਹਿਲ ਨੇ ਤਿੰਨ ਅਤੇ ਨਮਤਵੀਰ ਨੇ ਦੋ ਖਿਡਾਰੀਆਂ ਨੂੰ ਆਊਟ ਕੀਤਾ। ਅੱਜ ਦੀ ਜਿੱਤ ਨੇ ਤਰਨਤਾਰਨ ਕ੍ਰਿਕਟ ਟੀਮ ਦੇ ਨਾ ਸਿਰਫ਼ ਖਿਡਾਰੀ ਬਲਕਿ ਕੋਚ ਸਰਤਾਜ ਸਿੰਘ ’ਚ ਨਵਾਂ ਜੋਸ਼ ਭਰ ਦਿੱਤਾ। ਇਨ੍ਹਾਂ ਦੀ ਜਿੱਤ ’ਤੇ ਵਧਾਈ ਦਿੰਦਿਆਂ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਬੰਧਕਾਂ ਪ੍ਰਧਾਨ ਅਭੇਜੀਤ ਸਿੰਘ ਸੰਧੂ, ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋ, ਸ਼ੇਰਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਨੇ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਭ ਨੂੰ ਵਧਾਈ ਦਿੱਤੀ।