ਤਰਨਤਾਰਨ ਦੇ ਲਾਅ ਕਾਲਜ 'ਚ ਕਲਾਸਮੇਟ ਦਾ ਕਤਲ ਕਰਨ ਵਾਲੇ ਪ੍ਰਿੰਸ ਦੀ ਵੀ ਮੌਤ, ਪ੍ਰਪੋਜ਼ਲ ਠੁਕਰਾਉਣ 'ਤੇ ਮਾਰੀ ਸੀ ਗੋਲੀ
ਡੀ.ਐਸ.ਪੀ. ਜਗਬੀਰ ਸਿੰਘ ਨੇ ਦੱਸਿਆ ਕਿ ਹੁਣ ਪ੍ਰਿੰਸ ਰਾਜ ਸਿੰਘ ਦੇ ਲਾਸ਼ ਦਾ ਵੀ ਪੋਸਟਮਾਰਟਮ ਕਰਵਾਇਆ ਜਾਵੇਗਾ। ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਸੰਦੀਪ ਕੌਰ 7 ਭੈਣ-ਭਰਾਵਾਂ ਵਿੱਚੋਂ ਇੱਕ ਸੀ। ਉਹ ਜੱਜ ਬਣਨ ਦਾ ਸੁਪਨਾ ਲੈ ਕੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ।
Publish Date: Thu, 12 Feb 2026 10:37 AM (IST)
Updated Date: Thu, 12 Feb 2026 11:11 AM (IST)
ਜਾਸ, ਤਰਨਤਾਰਨ: ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਕਾਲਜ ਆਫ਼ ਲਾਅ ਦੀ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਇੱਕਪਾਸੜ ਪਿਆਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਾਸਮੇਟ ਪ੍ਰਿੰਸ ਰਾਜ ਸਿੰਘ ਨੇ ਵੀ ਵੀਰਵਾਰ ਸਵੇਰੇ ਦਮ ਤੋੜ ਦਿੱਤਾ।
ਪ੍ਰਿੰਸ ਖ਼ਿਲਾਫ਼ ਤਿੰਨ ਦਿਨ ਪਹਿਲਾਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਿੰਡ ਮੱਲੀਆਂ ਦੇ ਰਹਿਣ ਵਾਲੇ ਫ਼ੌਜੀ ਜਗਜੀਤ ਸਿੰਘ ਦੇ ਪੁੱਤਰ ਪ੍ਰਿੰਸ ਰਾਜ ਸਿੰਘ ਦਾ ਆਪਣੀ ਜਮਾਤੀ ਸੰਦੀਪ ਕੌਰ ਨਾਲ ਇੱਕਪਾਸੜ ਪਿਆਰ ਸੀ। ਸੋਮਵਾਰ ਸਵੇਰੇ ਕਰੀਬ 9 ਵਜੇ ਕਾਲਜ ਦੀ ਕਲਾਸ ਵਿੱਚ ਦੋਵਾਂ ਵਿਚਾਲੇ ਤਕਰਾਰ ਹੋਈ, ਜਿਸ ਦੌਰਾਨ ਮੁਲਜ਼ਮ ਨੇ ਆਪਣੇ ਬੈਗ ਵਿੱਚੋਂ ਨਾਜਾਇਜ਼ ਪਿਸਤੌਲ ਕੱਢ ਕੇ ਸੰਦੀਪ ਕੌਰ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ।
ਇਲਾਜ ਦੌਰਾਨ ਪ੍ਰਿੰਸ ਨੇ ਵੀ ਤੋੜਿਆ ਦਮ
ਜਿਸ ਵੇਲੇ ਇਹ ਘਟਨਾ ਵਾਪਰੀ, ਸੰਦੀਪ ਕੌਰ ਕਲਾਸਰੂਮ ਦੇ ਆਖਰੀ ਬੈਂਚ 'ਤੇ ਇਕ ਹੋਰ ਵਿਦਿਆਰਥਣ ਨਾਲ ਗੱਲ ਕਰ ਰਹੀ ਸੀ। ਪ੍ਰਿੰਸ ਨੇ ਉਸ ਨੂੰ ਗੋਲੀ ਮਾਰਨ ਤੋਂ ਤੁਰੰਤ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।
ਸੰਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਪ੍ਰਿੰਸ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਵੀਰਵਾਰ ਸਵੇਰੇ ਉਸ ਦੀ ਵੀ ਮੌਤ ਹੋ ਗਈ। ਦੱਸ ਦੇਈਏ ਕਿ ਪੁਲਿਸ ਨੇ ਬੁੱਧਵਾਰ ਨੂੰ ਸੰਦੀਪ ਕੌਰ ਦਾ ਪੋਸਟਮਾਰਟਮ ਕਰਵਾਇਆ ਸੀ।
ਡੀ.ਐਸ.ਪੀ. ਜਗਬੀਰ ਸਿੰਘ ਨੇ ਦੱਸਿਆ ਕਿ ਹੁਣ ਪ੍ਰਿੰਸ ਰਾਜ ਸਿੰਘ ਦੇ ਲਾਸ਼ ਦਾ ਵੀ ਪੋਸਟਮਾਰਟਮ ਕਰਵਾਇਆ ਜਾਵੇਗਾ। ਪ੍ਰਿੰਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਸੰਦੀਪ ਕੌਰ 7 ਭੈਣ-ਭਰਾਵਾਂ ਵਿੱਚੋਂ ਇੱਕ ਸੀ। ਉਹ ਜੱਜ ਬਣਨ ਦਾ ਸੁਪਨਾ ਲੈ ਕੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ।