ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਗੁਰਬਾਣੀ ਕੀਰਤਨ ਮੁਕਾਬਲੇ ’ਚ ਜੇਤੂ
ਧਾਰਮਿਕ ਮੁਕਾਬਲਿਆਂ ’ਚ ਜ਼ਿਲ੍ਹੇ ਦੇ ਦੋ ਦਰਜਨ ਤੋਂ ਵਧੇਰੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ
Publish Date: Wed, 06 May 2026 05:01 PM (IST)
Updated Date: Thu, 07 May 2026 04:06 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ, ਫ਼ਤਿਆਬਾਦ ਵਿਖੇ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ। ਇਨ੍ਹਾਂ ਧਾਰਮਿਕ ਮੁਕਾਬਲਿਆਂ ’ਚ ਜ਼ਿਲ੍ਹੇ ਦੇ ਦੋ ਦਰਜਨ ਤੋਂ ਵਧੇਰੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ। ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਮੁਕਾਬਲੇ ’ਚ ਭਾਗ ਲਿਆ। ਇਸ ਜ਼ਿਲ੍ਹਾ ਪੱਧਰੀ ਗੁਰਬਾਣੀ ਕੀਰਤਨ ਮੁਕਾਬਲੇ ’ਚ ਸਕੂਲ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਗੁਰਬਾਣੀ ਕੀਰਤਨ ਦੀ ਟੀਮ ’ਚ 7 ਵਿਦਿਆਰਥੀ ਤਨਵੀਰ ਕੌਰ ਜਮਾਤ ਨੌਵੀਂ, ਨਵਰੀਤ ਕੌਰ ਨੌਵੀਂ ਜਮਾਤ, ਸਹਿਜਦੀਪ ਸਿੰਘ ਜਮਾਤ ਦਸਵੀਂ, ਹਰਮਨਦੀਪ ਸਿੰਘ ਜਮਾਤ ਗਿਆਰਵੀਂ, ਅਵਨੀਤ ਕੌਰ ਜਮਾਤ ਗਿਆਰਵੀਂ, ਜਸਲੀਨ ਕੌਰ ਜਮਾਤ ਗਿਆਰਵੀਂ ਅਤੇ ਪਾਲਪ੍ਰੀਤ ਸਿੰਘ ਜਮਾਤ ਗਿਆਰਵੀਂ ਸ਼ਾਮਿਲ ਸਨ, ਜਿਨ੍ਹਾਂ ਨੇ ਪੜਤਾਲ ਗਾਇਨ ਰਾਹੀਂ ਨਿਰਧਾਰਤ ਰਾਗ ਤੇ ਪੰਜ ਤਾਲਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੇ ਸੰਗੀਤ ਅਧਿਆਪਕ ਹਰਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਉੱਚੀਆਂ ਉਡਾਣਾਂ ਭਰਨ ਲਈ ਪ੍ਰੇਰਿਤ ਕੀਤਾ। ਇਹ ਮੁਕਾਬਲੇ ਸਿੱਖਿਆ ਦੇ ਨਾਲ-ਨਾਲ ਧਾਰਮਿਕ ਤੇ ਆਤਮਿਕ ਮੁੱਲਾਂ ਨੂੰ ਉਭਾਰਨ ਦਾ ਇਕ ਵਧੀਆ ਮਾਧਿਅਮ ਸਾਬਿਤ ਹੋਏ ਹਨ, ਜਿਨ੍ਹਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਿਆ ਜਾ ਰਿਹਾ ਹੈ।