ਤੂੜੀ ਚੋਰੀ ਦਾ ਉਲਾਂਭਾ ਦੇਣਾ ਪਿਆ ਮਹਿੰਗਾ: ਗੁਆਂਢੀਆਂ ਨੇ ਸਿਰ ’ਚ ਦਾਤਰ ਮਾਰ ਕੇ ਨੌਜਵਾਨ ਕੀਤਾ ਲਹੂ-ਲੁਹਾਨ
ਤਰਨਤਾਰਨ ਦੇ ਪਿੰਡ ਸਰਹਾਲੀ ਖੁਰਦ ’ਚ ਤੂੜੀ ਚੋਰੀ ਕਰਨ ਦਾ ਉਲਾਂਭਾ ਦੇਣ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਇਕ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰਦਿਆਂ ਸਿਰ ਵਿਚ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਰਹਾਲੀ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Mon, 27 Apr 2026 01:54 PM (IST)
Updated Date: Mon, 27 Apr 2026 02:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਦੇ ਪਿੰਡ ਸਰਹਾਲੀ ਖੁਰਦ ’ਚ ਤੂੜੀ ਚੋਰੀ ਕਰਨ ਦਾ ਉਲਾਂਭਾ ਦੇਣ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਇਕ ਵਿਅਕਤੀ ਉੱਪਰ ਜਾਨਲੇਵਾ ਹਮਲਾ ਕਰਦਿਆਂ ਸਿਰ ਵਿਚ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਰਹਾਲੀ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਰਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ਼ਹਾਬਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦੀ ਹੱਦ ਪਿੰਡ ਜੰਡੋਕੇ ਸਰਹਾਲੀ ਨਾਲ ਲੱਗਦੀ ਹੈ। 20 ਅਪ੍ਰੈਲ ਨੂੰ ਦਾਰਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਜੰਡੋਕੇ ਸਰਹਾਲੀ ਆਪਣੀ ਜ਼ਮੀਨ ਵਿੱਚੋਂ ਤੂੜੀ ਬਣਾ ਰਿਹਾ ਸੀ। ਜਿਸ ਨੇ ਉਸਦੀ ਜ਼ਮੀਨ ਵਿੱਚੋਂ ਵੀ 2-3 ਟਰਾਲੀਆਂ ਤੂੜੀ ਬਣਾ ਲਈ। ਉਹ ਉਸ ਨੂੰ ਤੂੜੀ ਚੋਰੀ ਕਰਨ ਦਾ ਉਲਾਂਬਾ ਦੇਣ ਲਈ ਗਿਆ ਤਾਂ ਉਹ ਝਗੜਾ ਕਰਨ ਲੱਗਾ। ਜਿਸਦੇ ਚੱਲਦਿਆ ਉਹ ਆਪਣੇ ਘਰ ਪਰਤ ਆਇਆ।
21 ਅਪ੍ਰੈਲ ਸ਼ਾਮ ਕਰੀਬ ਸਾਢੇ ਚਾਰ ਵਜੇ ਉਹ ਆਪਣੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਜੋਧਪੁਰ ਦੇ ਨਾਲ ਪਿੰਡ ਜੰਡੋਕੇ ਸਰਹਾਲੀ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਦਾਰਾ ਸਿੰਘ ਪੁੱਤਰ ਬਚਨ ਸਿੰਘ, ਉਸਦੇ ਲੜਕੇ ਪ੍ਰਭਜੀਤ ਸਿੰਘ ਪ੍ਰਭ ਅਤੇ ਹਰਪ੍ਰੀਤ ਸਿੰਘ ਪੀਤੂ ਨੇ ਉਸਦੇ ਸਿਰ ਵਿਚ ਦਾਤਰ ਮਾਰ ਦਿੱਤੀ। ਉਹ ਲਹੂ ਲੁਹਾਣ ਹੋ ਕੇ ਡਿੱਗ ਪਿਆ ਤਾਂ ਉਕਤ ਤਿੰਨੇ ਜਣੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਉਸਦਾ ਰਿਸ਼ਤੇਦਾਰ ਤੁਰੰਤ ਤਰਨਤਾਰਨ ਦੇ ਸਿਵਲ ਹਸਪਤਾਲ ਲੈ ਕੇ ਪੁੱਜਾ, ਜਿਥੋਂ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਤਲਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜੇਰੇ ਇਲਾਜ ਹਰਪ੍ਰੀਤ ਸਿੰਘ ਦੇ ਬਿਆਨ ਕਲਮਬੰਦ ਕਰਨ ਉਪਰੰਤ ਦਾਰਾ ਸਿੰਘ, ਪ੍ਰਭਜੀਤ ਸਿੰਘ ਪ੍ਰਬ ਅਤੇ ਹਰਪ੍ਰੀਤ ਸਿੰਘ ਪੀਤੂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।