ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਬੀਬੀ ਰਮਨਦੀਪ ਕੌਰ ਨੂੰ ਕੀਤਾ ਸਨਮਾਨਿਤ
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਬੀਬੀ ਰਮਨਦੀਪ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
Publish Date: Sat, 02 May 2026 08:05 PM (IST)
Updated Date: Sun, 03 May 2026 04:17 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਇਤਿਹਾਸਿਕ ਕਸਬਾ ਫ਼ਤਿਆਬਾਦ ਦੇ ਗੁਰਦੁਆਰਾ ‘ਸ੍ਰੀ ਗੁਰੂ ਨਾਨਕ ਪੜਾਓ’ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਧਾਰਮਿਕ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬੀ ਰਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬੀਬੀ ਰਮਨਦੀਪ ਕੌਰ ਨੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਤਿਆਬਾਦ ਵੱਲੋਂ ਹਰ ਸਾਲ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲਿਆਂ ਦੇ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਾਉਣਾ ਇਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਜੋ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ, ਇਤਿਹਾਸ ਤੇ ਧਰਮ ਨਾਲ ਜੋੜਨ ਵਿਚ ਮਦਦ ਕਰਦਾ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਬਚਪਨ ਤੋਂ ਗੁਰਬਾਣੀ ਪਾਠ, ਕੀਰਤਨ, ਅਤੇ ਧਰਮ ਦੀ ਪੜ੍ਹਾਈ ਵੱਲ ਪ੍ਰੇਰਿਤ ਕਰਦੇ ਹਨ ਤੇ ਚੰਗੇ ਨਾਗਰਿਕ ਬਣ ਕੇ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਦੇ ਹਨ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਬੀਬੀ ਰਮਨਦੀਪ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਾਬਕਾ ਸੰਮਤੀ ਮੈਂਬਰ ਤੇਜਿੰਦਰ ਸਿੰਘ ਪ੍ਰਿੰਸ, ਮੈਂਬਰ ਜਸਬੀਰ ਸਿੰਘ ਸਾਬੀ, ਕਸ਼ਮੀਰ ਸਿੰਘ ਸਹੋਤਾ, ਬਲਦੇਵ ਸਿੰਘ ਸ਼ੈਲਰ ਵਾਲੇ, ਪ੍ਰਧਾਨ ਰਤਨ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ, ਨੰਬਰਦਾਰ ਸੰਤੋਖ ਸਿੰਘ, ਮਲਕੀਅਤ ਸਿੰਘ ਠੇਕੇਦਾਰ, ਸਰਪੰਚ ਰਾਜਾ ਭੈਲ, ਸਰਪੰਚ ਜੰਗਸ਼ੇਰ ਸਿੰਘ, ਹਰਪ੍ਰੀਤ ਸਿੰਘ ਜਿੰਮੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।