ਬ੍ਰਿਟਿਸ਼ ਸਕੂਲ ਪੱਟੀ ’ਚ ਵਿਸ਼ੇਸ਼ ‘ਹਿਪਨੋਸਿਸ ਅਤੇ ਮਾਈਂਡ ਮੋਟੀਵੇਸ਼ਨ ਸੈਮੀਨਾਰ’ ਕਰਵਾਇਆ
ਵਿਦਿਆਰਥੀਆਂ ਨੂੰ ਮਨ ਦੀ ਸ਼ਕਤੀ, ਇਕਾਗਰਤਾ ਤੇ ਸਕਾਰਾਤਮਕ ਸੋਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
Publish Date: Mon, 11 May 2026 05:55 PM (IST)
Updated Date: Tue, 12 May 2026 04:06 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਆਧੁਨਿਕ ਸਮੇਂ ’ਚ ਵਿਦਿਆਰਥੀਆਂ ’ਤੇ ਪੜ੍ਹਾਈ ਤੇ ਮੁਕਾਬਲੇ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਬੱਚਿਆਂ ’ਚ ਤਣਾਅ, ਧਿਆਨ ਦੀ ਕਮੀ ਤੇ ਆਤਮਵਿਸ਼ਵਾਸ ਘਟਣ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਦਿ ਬ੍ਰਿਟਿਸ਼ ਸਕੂਲ, ਪੱਟੀ ਵਿਖੇ ਇਕ ਵਿਸ਼ੇਸ਼ ‘ਹਿਪਨੋਸਿਸ ਤੇ ਮਾਈਂਡ ਮੋਟੀਵੇਸ਼ਨ ਸੈਮੀਨਾਰ’ ਕਰਵਾਇਆ ਗਿਆ। ਸੈਮੀਨਾਰ ’ਚ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਹਰਜਿੰਦਰ ਸਿੰਘ ਮਾਜੀ ਨੇ ਵਿਦਿਆਰਥੀਆਂ ਨੂੰ ਮਨ ਦੀ ਸ਼ਕਤੀ, ਇਕਾਗਰਤਾ ਤੇ ਸਕਾਰਾਤਮਕ ਸੋਚ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਹਰਜਿੰਦਰ ਸਿੰਘ ਮਾਜੀ ਨੇ ਬੱਚਿਆਂ ਨੂੰ ਦੱਸਿਆ ਕਿ ਜੇਕਰ ਮਨ ਨੂੰ ਸਹੀ ਦਿਸ਼ਾ ’ਚ ਕੇਂਦਰਿਤ ਕੀਤਾ ਜਾਵੇ, ਤਾਂ ਜੀਵਨ ਦੀਆਂ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਨੂੰ ਵੀ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਫਲਤਾ ਹਾਸਿਲ ਕਰਨ ਲਈ ਕੇਵਲ ਕਠਿਨ ਮਿਹਨਤ ਹੀ ਨਹੀਂ, ਸਗੋਂ ਮਨ ਦੀ ਇਕਾਗਰਤਾ ਤੇ ਆਤਮਵਿਸ਼ਵਾਸ ਵੀ ਬਹੁਤ ਜ਼ਰੂਰੀ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਮਾਈਂਡ ਮੋਟੀਵੇਸ਼ਨ ਤੇ ਧਿਆਨ ਅਭਿਆਸ ਰਾਹੀਂ ਮਨ ਨੂੰ ਸ਼ਾਂਤ ਤੇ ਸੰਤੁਲਿਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਹਿਪਨੋਸਿਸ ਦੇ ਵਿਗਿਆਨਕ ਪੱਖ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਤੇ ਦੱਸਿਆ ਕਿ ਇਹ ਮਨੁੱਖੀ ਦਿਮਾਗ ਦੀ ਕੇਂਦਰੀਕਰਨ ਸ਼ਕਤੀ ਨੂੰ ਵਧਾਉਣ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿਪਨੋਸਿਸ ਦਾ ਮਕਸਦ ਕਿਸੇ ਨੂੰ ਕਾਬੂ ਕਰਨਾ ਨਹੀਂ, ਸਗੋਂ ਮਨ ਨੂੰ ਤਣਾਅ-ਮੁਕਤ ਕਰ ਕੇ ਸਕਾਰਾਤਮਕ ਊਰਜਾ ਨਾਲ ਭਰਨਾ ਹੁੰਦਾ ਹੈ। ਸੈਮੀਨਾਰ ਦੌਰਾਨ ਬੱਚਿਆਂ ਨੂੰ ਧਿਆਨ ਕੇਂਦਰਿਤ ਕਰਨ ਦੀਆਂ ਕਈ ਪ੍ਰੈਕਟੀਕਲ ਤਕਨੀਕਾਂ ਵੀ ਸਿਖਾਈਆਂ ਗਈਆਂ, ਜਿਨ੍ਹਾਂ ਨੂੰ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਤੇ ਪੜ੍ਹਾਈ ’ਚ ਵਰਤ ਸਕਣ। ਮਾਜੀ ਨੇ ਵਿਦਿਆਰਥੀਆਂ ਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹਿਣ ਤੇ ਆਪਣੇ ਟੀਚਿਆਂ ਪ੍ਰਤੀ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਤ ਕੀਤਾ। ਜੇਕਰ ਵਿਦਿਆਰਥੀ ਆਪਣੇ ਮਨ ਨੂੰ ਕਾਬੂ ਕਰਨਾ ਸਿੱਖ ਲੈਣ ਤਾਂ ਉਹ ਕਿਸੇ ਵੀ ਖੇਤਰ ’ਚ ਸਫਲਤਾ ਹਾਸਿਲ ਕਰ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਸਮੇਂ ਦੀ ਕਦਰ ਕਰਨ, ਮੋਬਾਈਲ ਤੇ ਸੋਸ਼ਲ ਮੀਡੀਆ ਦੀ ਅਤਿ ਵਰਤੋਂ ਤੋਂ ਬਚਣ ਤੇ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਦੀ ਸਲਾਹ ਵੀ ਦਿੱਤੀ। ਸੈਮੀਨਾਰ ’ਚ ਮੌਜੂਦ ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਬੱਚਿਆਂ ਦੀ ਮਾਨਸਿਕ ਸਿਹਤ ਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਸੈਮੀਨਾਰ ਵਿਦਿਆਰਥੀਆਂ ਨੂੰ ਜੀਵਨ ’ਚ ਅੱਗੇ ਵੱਧਣ ਲਈ ਨਵੀਂ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਹਰਜਿੰਦਰ ਸਿੰਘ ਮਾਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੁਨੇਹੇ ਬੱਚਿਆਂ ਦੇ ਭਵਿੱਖ ਲਈ ਬਹੁਤ ਲਾਭਦਾਇਕ ਸਾਬਿਤ ਹੋਣਗੇ। ਸਕੂਲ ਡਾਇਰੈਕਟਰ ਮਲਕੀਤ ਸਿੰਘ ਸੰਧੂ ਨੇ ਵੀ ਸੈਮੀਨਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮਾਨਸਿਕ ਤਿਆਰੀ ਵੀ ਬਹੁਤ ਮਹੱਤਵਪੂਰਨ ਹੈ। ਜਦੋਂ ਬੱਚਿਆਂ ’ਚ ਆਤਮਵਿਸ਼ਵਾਸ ਅਤੇ ਇਕਾਗਰਤਾ ਮਜ਼ਬੂਤ ਹੋਵੇਗੀ ਤਾਂ ਉਹ ਹਰ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰ ਸਕਣਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਵੀਨ ਸ਼ਰਮਾ, ਕੋਆਰਡੀਨੇਟਰ ਕਿਰਨਦੀਪ ਕੌਰ ਤੇ ਪੂਜਾ ਸਮੇਤ ਸਮੂਹ ਸਟਾਫ ਵੀ ਹਾਜ਼ਰ ਰਿਹਾ। ਉਨ੍ਹਾਂ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕਾਰਾਤਮਕ ਸੋਚ ਤੇ ਅਨੁਸ਼ਾਸਨ ਹੀ ਸਫ਼ਲ ਜੀਵਨ ਦੀ ਕੁੰਜੀ ਹਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਮੋਟੀਵੇਸ਼ਨਲ ਗਤੀਵਿਧੀਆਂ ’ਚ ਸ਼ਮੂਲੀਅਤ ਕੀਤੀ। ਬੱਚਿਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਆਪਣੇ ਮਨ ਨੂੰ ਸ਼ਾਂਤ ਰੱਖਣ, ਪੜ੍ਹਾਈ ’ਚ ਧਿਆਨ ਲਗਾਉਣ ਤੇ ਆਤਮਵਿਸ਼ਵਾਸ ਵਧਾਉਣ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲਿਆ। ਇਸ ਮੌਕੇ ਪ੍ਰਦੀਪ ਸੰਧੂ, ਜਸਬੀਰ ਸਿੰਘ ਸੰਧੂ, ਰੂਪ ਕਮਲ ਕੌਰ, ਨਿਧੀ, ਲਵਪ੍ਰੀਤ ਕੌਰ, ਦਵਿੰਦਰਪਾਲ ਕੌਰ, ਮੇਘਾ ਸੂਰੀ, ਰਣਜੀਤ ਕੌਰ, ਜੀਨਸ ਅਰੋੜਾ, ਅਕਵਿੰਦਰ ਕੌਰ, ਅਰਜਿੰਦਰ ਕੌਰ, ਕੋਮਲਪ੍ਰੀਤ ਕੌਰ, ਦਿਸ਼ਨੂਰ ਕੌਰ, ਜਸਲੀਨ ਕੌਰ, ਪਿੰਕੀ, ਮਨਜਿੰਦਰ ਕੌਰ, ਸਿਮਰਨ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਸਿੰਘ, ਰਾਜਵਿੰਦਰ ਕੌਰ, ਗੁਰਸੇਵਕ ਸਿੰਘ, ਲਵਜੀਤ ਸਿੰਘ, ਰਵਨੀਤ ਕੌਰ ਅਤੇ ਕਾਜਲ ਸ਼ਰਮਾ ਵੀ ਮੌਜੂਦ ਰਹੇ। ਸੈਮੀਨਾਰ ਦੇ ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਇਹ ਵਿਸ਼ਵਾਸ ਜਤਾਇਆ ਗਿਆ ਕਿ ਇਸ ਤਰ੍ਹਾਂ ਦੇ ਪ੍ਰੇਰਨਾਦਾਇਕ ਪ੍ਰੋਗਰਾਮ ਆਉਣ ਵਾਲੇ ਸਮੇਂ ’ਚ ਵੀ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਵਿਦਿਆਰਥੀਆਂ ਦਾ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਮਾਨਸਿਕ ਤੇ ਵਿਅਕਤੀਗਤ ਵਿਕਾਸ ਵੀ ਹੋ ਸਕੇ।