ਮਾਂ ਦਿਵਸ ਮੌਕੇ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ’ਚ ਵਿਸ਼ੇਸ਼ ਸਮਾਗਮ
ਮਾਂ ਦਾ ਸਥਾਨ ਦੁਨੀਆ ’ਚ ਸਭ ਤੋਂ ਉੱਚਾ ਹੈ ਤੇ ਸਾਨੂੰ ਹਮੇਸ਼ਾ ਆਪਣੀਆਂ ਮਾਤਾਵਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਉਤਰਨਾ ਚਾਹੀਦਾ ਹੈ
Publish Date: Mon, 11 May 2026 07:10 PM (IST)
Updated Date: Tue, 12 May 2026 04:09 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਮਾਂ ਦਿਵਸ ਮੌਕੇ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣ ਸਿੰਘ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮਾਤਾਵਾਂ ਦੇ ਸਨਮਾਨ ’ਚ ਕਈ ਰੰਗਾਰੰਗ ਤੇ ਮਨਮੋਹਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਨਾਟਕ, ਕਵਿਤਾਵਾਂ, ਸਕਿੱਟ, ਗਿੱਧਾ, ਨਾਚ, ਗੀਤ ਤੇ ਭਾਸ਼ਣਾਂ ਰਾਹੀਂ ਮਾਂ ਦੀ ਮਹਾਨਤਾ, ਮਮਤਾ ਤੇ ਤਿਆਗ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ। ਸਮਾਗਮ ਦੌਰਾਨ ਛੋਟੇ ਬੱਚਿਆਂ ਵੱਲੋਂ ਬਣਾਏ ਗਏ ਕਾਰਡ ਤੇ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ’ਚ ਮਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਸਪੱਸ਼ਟ ਤੌਰ ’ਤੇ ਨਜ਼ਰ ਆਈ। ਵਿਦਿਆਰਥੀਆਂ ਨੇ ਆਪਣੇ ਸੰਦੇਸ਼ਾਂ ਰਾਹੀਂ ਦੱਸਿਆ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ, ਸਭ ਤੋਂ ਵੱਡੀ ਮਿੱਤਰ ਤੇ ਹਰ ਮੁਸ਼ਕਿਲ ਸਮੇਂ ਦੀ ਸਹਾਇਕ ਹੁੰਦੀ ਹੈ। ਵਿਦਿਆਰਥੀਆਂ ਵੱਲੋਂ ਗਾਏ ਗਏ ਮਾਂ ਦੇ ਸਨਮਾਨ ਵਾਲੇ ਗੀਤਾਂ ਨੇ ਸਮਾਗਮ ਨੂੰ ਭਾਵੁਕ ਤੇ ਯਾਦਗਾਰ ਬਣਾ ਦਿੱਤਾ। ਮਾਤਾਵਾਂ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਸੰਦੇਸ਼ ਵੀ ਪੇਸ਼ ਕੀਤੇ ਗਏ। ਇਸ ਮੌਕੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਮਾਪਿਆਂ ਦੀ ਸੇਵਾ ਤੇ ਆਦਰ ਕਰਨ ਲਈ ਪ੍ਰੇਰਿਤ ਕੀਤਾ। ਅੰਤ ’ਚ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਹੁਨਰ ਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਤੇ ਮਾਂ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦਾ ਸਥਾਨ ਦੁਨੀਆ ’ਚ ਸਭ ਤੋਂ ਉੱਚਾ ਹੈ ਤੇ ਸਾਨੂੰ ਹਮੇਸ਼ਾ ਆਪਣੀਆਂ ਮਾਤਾਵਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਉਤਰਨਾ ਚਾਹੀਦਾ ਹੈ। ਸਮਾਗਮ ਦੇ ਅੰਤ ’ਚ ਸਭ ਨੇ ਮਾਂ ਦਿਵਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਇਹ ਪ੍ਰੋਗਰਾਮ ਖੁਸ਼ੀ ਤੇ ਉਤਸ਼ਾਹ ਨਾਲ ਸੰਪੰਨ ਹੋਇਆ।