ਸੁਸਾਇਟੀ ਦੇ 8 ਸਾਲ ਪੂਰੇ, ਖੂਨਦਾਨ ਕੈਂਪ ਨਾਲ ਮਨਾਇਆ ਸਮਾਜ ਸੇਵਾ ਦਿਵਸ
ਸੰਸਥਾ ਵੱਲੋਂ ਹਰ ਮਹੀਨੇ ਲਗਭਗ 100 ਐਮਰਜੈਂਸੀ ਕੇਸਾਂ ’ਚ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ
Publish Date: Sun, 26 Apr 2026 03:59 PM (IST)
Updated Date: Mon, 27 Apr 2026 04:02 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੱਟੀ ਵੱਲੋਂ ਆਪਣੇ 8 ਸਾਲ ਪੂਰੇ ਹੋਣ ਦੇ ਮੌਕੇ ਸਿਵਲ ਹਸਪਤਾਲ ਪੱਟੀ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਹਿੱਸਾ ਲੈਂਦਿਆਂ ਉਤਸ਼ਾਹ ਨਾਲ 70 ਯੂਨਿਟ ਖ਼ੂਨਦਾਨ ਕੀਤਾ। ਇਸ ਸਬੰਧੀ ਸੁਸਾਇਟੀ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਸਾਲ 2018 ’ਚ ਸੋਸ਼ਲ ਮੀਡੀਆ ’ਤੇ ਇਕ ਛੋਟੇ ਗਰੁੱਪ ਵਜੋਂ ਕੀਤੀ ਗਈ ਸੀ, ਜਿਸ ਦਾ ਮਕਸਦ ਐਮਰਜੈਂਸੀ ਕੇਸਾਂ ’ਚ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਮੁਹੱਈਆ ਕਰਵਾਉਣਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੇ ਨਾਲ-ਨਾਲ ਸੈਂਕੜੇ ਨੌਜਵਾਨ ਇਸ ਮੁਹਿੰਮ ਨਾਲ ਜੁੜਦੇ ਗਏ ਤੇ ਅੱਜ 8 ਸਾਲਾਂ ’ਚ ਇਹ ਸੰਸਥਾ ਪੰਜਾਬ ਭਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਸੰਸਥਾ ਵੱਲੋਂ ਹਰ ਮਹੀਨੇ ਲਗਭਗ 100 ਐਮਰਜੈਂਸੀ ਕੇਸਾਂ ’ਚ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਹਰ ਸਾਲ ਕਰੀਬ 25 ਖ਼ੂਨਦਾਨ ਕੈਂਪ ਲਾ ਕੇ ਬਲੱਡ ਬੈਂਕਾਂ ’ਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਸੁਖਬੀਰ ਸਿੰਘ ਨਿੱਬਰ ਨੇ ਕਿਹਾ ਕਿ ਸੰਸਥਾ ਨੇ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਖ਼ੂਨਦਾਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ ਤੇ ਹਰ ਤੰਦਰੁਸਤ ਵਿਅਕਤੀ ਨੂੰ ਇਸ ਪਵਿੱਤਰ ਕਾਰਜ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਟੀਮ ਮੈਂਬਰ ਵਿਕਰਮਜੀਤ ਸਿੰਘ ਜੱਸਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਨੌਜਵਾਨਾਂ ਨੂੰ ਚੰਗੀ ਦਿਸ਼ਾ ਮਿਲਦੀ ਹੈ ਤੇ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੁਸਾਇਟੀ ਨਾਲ ਜੁੜਨ ਨਾਲ ਨੌਜਵਾਨਾਂ ’ਚ ਸੇਵਾ ਭਾਵਨਾ ਵਧਦੀ ਹੈ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਸ਼ੀਸ ਗੁਪਤਾ ਨੇ ਵੀ ਸੁਸਾਇਟੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪ ਸਮਾਜ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ ਤੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ’ਚ ਮਦਦਗਾਰ ਸਾਬਿਤ ਹੁੰਦੇ ਹਨ। ਸੁਸਾਇਟੀ ਵੱਲੋਂ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸ਼ੀਲਡਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਨਿਗਮ ਪੰਜਾਬ ਤੇ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਵੱਲੋਂ ਵੀ ਸੰਸਥਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਅਮਰ ਸਿੰਘ, ਸੁਖਬੀਰ ਸਿੰਘ ਨਿੱਬਰ, ਵਿਕਰਮਜੀਤ ਸਿੰਘ ਜੱਸਾ, ਮਲਕੀਤ ਸਿੰਘ, ਮਨਪ੍ਰੀਤ ਸਿੰਘ ਸਾਗਰ, ਕੇਪੀ ਗਿੱਲ, ਵਿਵੇਕ ਕੁਮਾਰ, ਪਲਵਿੰਦਰ ਸਿੰਘ ਪਿੰਦਰ, ਲਖਵਿੰਦਰ ਸਿੰਘ ਲੱਕੀ, ਗੁਰਦੇਵ ਸਿੰਘ ਖ਼ਾਲਸਾ, ਮਾਸਟਰ ਸਰਬਜੀਤ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਰਾਜਬੀਰ ਸਿੰਘ, ਗੁਰਮੀਤ ਸਿੰਘ ਬੱਬਾ, ਚਰਨਜੀਤ ਸਿੰਘ ਟੋਨੀ, ਪਰਦੀਪ ਸਿੰਘ, ਦਲਜੀਤ ਸਿੰਘ ਅੰਮ੍ਰਿਤਸਰ, ਦਿਲਦਾਰ ਸਿੰਘ ਗੋਲਡੀ, ਗੁਰਪ੍ਰਤਾਪ ਸਿੰਘ ਬੱਬਲੂ, ਸੁਖਪਾਲ ਸਿੰਘ, ਨਕਸ਼ਦੀਪ ਸਿੰਘ, ਏਕਨੂਰ ਸਿੰਘ ਤੇ ਸਮੂਹ ਬਲੱਡ ਬੈਂਕ ਸਟਾਫ ਹਾਜ਼ਰ ਸੀ।