ਅਪ੍ਰੈਲ ਮਹੀਨੇ ’ਚ ਹੁਣ ਤਕ 121 ਵਿਅਕਤੀ ਨਸ਼ੀਲੇ ਪਦਾਰਥਾਂ ਸਣੇ ਫੜੇ, 117 ਕੇਸ ਦਰਜ
ਦਿੱਲੀ ਕੰਪੀਟੈਂਟ ਅਥਾਰਟੀ ਦੀ ਮਨਜੂਰੀ ’ਤੇ ਜ਼ਿਲ੍ਹੇ ਨਾਲ ਸਬੰਧਤ ਤਿੰਨ ਨਸ਼ਾ ਤਸਕਰਾਂ ਦੀ 64 ਲੱਖ ਤੋਂ ਵੱਧ ਕੀਮਤ ਦੀ ਜਾਇਦਾਦ ਵੀ ਫਰੀਜ਼ ਕਰ ਦਿੱਤੀ ਗਈ ਹੈ।
Publish Date: Sun, 26 Apr 2026 08:25 PM (IST)
Updated Date: Mon, 27 Apr 2026 04:19 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੀ ਪੁਲਿਸ ਨੇ ਯੁੱਧ ਨਸ਼ਿਆਂ ਵਿੁੱਰਧ ਮੁਹਿੰਮ ਤਹਿਤ ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਅਧਿਕਾਰ ਖੇਤਰ ’ਚੋਂ ਸਵਾ ਸੌ ਤੋਂ ਵੱਧ ਲੋਕਾਂ ਨੂੰ ਅਪ੍ਰੈਲ ਦੇ ਮਹੀਨੇ ’ਚ ਹੁਣ ਤਕ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਦਿੱਲੀ ਕੰਪੀਟੈਂਟ ਅਥਾਰਟੀ ਦੀ ਮਨਜੂਰੀ ’ਤੇ ਜ਼ਿਲ੍ਹੇ ਨਾਲ ਸਬੰਧਤ ਤਿੰਨ ਨਸ਼ਾ ਤਸਕਰਾਂ ਦੀ 64 ਲੱਖ ਤੋਂ ਵੱਧ ਕੀਮਤ ਦੀ ਜਾਇਦਾਦ ਵੀ ਫਰੀਜ਼ ਕਰ ਦਿੱਤੀ ਗਈ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਪੱਤਰਕਾਰ ਵਾਰਤਾ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ 3 ਨਸ਼ਾ ਤਸਕਰਾਂ ਦੀ 64 ਲੱਖ 39 ਹਜ਼ਾਰ 898 ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਹਾਬੀਰ ਸਿੰਘ ਮੰਗੂ ਪੁੱਤਰ ਕਿਸ਼ਨ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਦੀ 19 ਲੱਖ 60 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਦਿੱਲੀ ਦੀ ਕੰਪੀਟੈਂਟ ਅਥਾਰਟੀ ਦੀ ਮਨਜ਼ੂਰੀ ਨਾਲ ਫਰੀਜ਼ ਕੀਤਾ ਗਿਆ ਹੈ। ਜਦੋਂਕਿ ਰਣਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਾਂਸ ਖੇੜਾ ਤਹਿਸੀਲ ਬਾਜ਼ਪੁਰ ਉੱਤਰਾਖੰਡ ਦੀ ਐੱਕਸਯੂਵੀ ਕਾਰ ਤੇ ਡਰੱਗ ਮਨੀ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਦੀ ਕੁੱਲ ਰਕਮ 24 ਲੱਖ 49 ਹਜ਼ਾਰ 898 ਰੁਪਏ ਬਣਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜੈ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 13 ਖੇਮਕਰਨ ਦੀ 20 ਲੱਖ 30 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿੁੱਰਧ ਮੁਹਿੰਮ ਦੇ ਹਿੱਸੇ ਵਜੋਂ ਹੀ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਅ੍ਰਪੈਲ ਮਹੀਨੇ ਦੌਰਾਨ ਹੁਣ ਤਕ ਐੱਨਡੀਪੀਐੱਸ ਦੇ 117 ਮੁਕੱਦਮੇ ਦਰਜ ਕਰਕੇ 121 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 19 ਕਿੱਲੋ 908 ਗ੍ਰਾਮ ਹੈਰੋਇਨ, 3160 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਵੱਡੀਆਂ ਮੱਛੀਆਂ ’ਤੇ ਲਗਾਤਾਰ ਕਾਰਵਾਈ ਜਾਰੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹੇ ’ਚ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ।