ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਐੱਸਕੇਐੱਮ
ਐੱਸਕੇਐੱਮ ਨੇ ਕੀਤੀ ਕਿਸਾਨਾਂ ਅਤੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ ਮੁੱਕੀ ਦੀ ਨਿਖੇਧੀ
Publish Date: Sat, 18 Oct 2025 05:11 PM (IST)
Updated Date: Sun, 19 Oct 2025 04:03 AM (IST)

ਕਿਸਾਨਾਂ ਅਤੇ ਕੰਪਿਊਟਰ ਅਧਿਆਪਕਾਂ ਨਾਲ ਧੱਕਾ-ਮੁੱਕੀ ਦੀ ਕੀਤੀ ਨਿਖੇਧੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਥਾਨ ਗਾਂਧੀ ਪਾਰਕ ਵਿਖੇ ਇਕੱਠ ਕਰ ਕੇ ਪੰਜਾਬ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮਜਦਗੀ ਪੇਪਰ ਦਾਖਲ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਕੰਪਿਊਟਰ ਅਧਿਆਪਕਾਂ ’ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਬੋਲਦਿਆਂ ਦਲਜੀਤ ਸਿੰਘ ਦਿਆਲਪੁਰ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਮੁਗਲਚੱਕ, ਅੰਮ੍ਰਿਤਪਾਲ ਸਿੰਘ ਜੌੜਾ, ਸਰਵਣ ਸਿੰਘ ਚੂੰਗ, ਜੱਸਾ ਸਿੰਘ ਕੱਦਗਿਲ, ਗੁਰਬਚਨ ਸਿੰਘ ਘੜਕਾ, ਗੁਰਸਾਬ ਸਿੰਘ ਡੱਲ, ਮਨਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਭੁਪਿੰਦਰ ਸਿੰਘ ਪੰਡੋਰੀ ਤਖਤਮਲ, ਦਲਵਿੰਦਰ ਸਿੰਘ ਨਸ਼ਹਿਰਾ ਪੰਨੂਆਂ, ਦਲਵਿੰਦਰ ਸਿੰਘ, ਮੇਹਰ ਸਿੰਘ ਸਖੀਰਾ, ਗੁਰਬਾਜ ਸਿੰਘ ਸੰਧਵਾ, ਮਨਜੀਤ ਸਿੰਘ ਬੱਗੂ, ਗੁਰਚਰਨ ਸਿੰਘ ਸਭਰਾ, ਨਾਜਰ ਸਿੰਘ ਸਰਹਾਲੀ, ਹਰਜੀਤ ਸਿੰਘ ਰਵੀ, ਸੁਖਦੇਵ ਸਿੰਘ ਤੁੜ ਆਦਿ ਨੇਤਾਵਾਂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਹੱਕ ਮੰਗਦੇ ਲੋਕਾਂ ’ਤੇ ਨਜਾਇਜ਼ ਧੱਕੇਸ਼ਾਹੀ ਬੰਦ ਕਰੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਅਤੇ ਇਨ੍ਹਾਂ ਦੇ ਉਮੀਦਵਾਰ ਨੂੰ ਵੱਖ ਵੱਖ ਪਿੰਡਾਂ ਵਿਚ ਘੇਰਿਆ ਜਾਵੇਗਾ। ਵੱਖ-ਵੱਖ ਪ੍ਰਦਰਸ਼ਨਾਂ ’ਚ ਜਿੰਨਾ ਪੁਲਿਸ ਅਫਸਰਾਂ ਨੇ ਧੱਕੇਸ਼ਾਹੀ ਕਰਕੇ ਕਿਸਾਨਾਂ ਅਤੇ ਕੰਪਿਊਟਰ ਅਧਿਆਪਕਾਂ ਉੱਪਰ ਲਾਠੀ ਚਾਰਜ ਕੀਤਾ ਹੈ, ਉਨ੍ਹਾਂ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀਹੈ। ਜਿਵੇਂ ਪੁਲਿਸ ਪ੍ਰਸ਼ਾਸਨ ਵਲੋਂ ਔਰਤ ਅਧਿਆਪਕਾਂ ਨੂੰ ਬੁਰੀ ਤਰ੍ਹਾਂ ਧੱਕੇਸ਼ਾਹੀ ਕਰਕੇ ਬਦਕਲਾਮੀ ਕੀਤੀ ਗਈ ਹੈ। ਇਸ ਨਾਲ ਇਸ ਸਰਕਾਰ ਦਾ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਅਧਿਆਪਕਾਂ ਪ੍ਰਤੀ ਝੂਠਾ ਮੋਹ ਵੀ ਨੰਗਾ ਹੋਇਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦੇਂਦਿਆਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਮਹਿਕਮੇ ਵੇਚਣੇ ਬੰਦ ਕਰਨੇ ਚਾਹੀਦੇ ਹਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਮਹਿਕਮੇ ਵਿਚ ਪੱਕੇ ਕਰਨਾ ਚਾਹੀਦਾ ਹੈ। ਕਿਸਾਨੀ ਮੰਗਾਂ ਜਿਵੇਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਵੇਚਣ ਦੀ ਤਜਵੀਜ ਰੱਦ ਕਰ ਕੇ ਮਿੱਲ ਮੁੜ ਚਾਲੂ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ।