ਨਾਪ-ਤੋਲ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ 300 ਰੁਪਏ ਦੀ ਥਾਂ 1 ਹਜ਼ਾਰ ਰੁਪਏ ਤਕ ਦੀ ਮੰਗ ਕੀਤੀ ਜਾ ਰਹੀ ਹੈ

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਵਿਚ ਨਾਪ-ਤੋਲ ਵਿਭਾਗ ਵੱਲੋਂ ਕੰਡੇ ਅਤੇ ਵੱਟੇ ਪਾਸ ਕਰਨ ਲਈ ਵੱਧ ਫੀਸ ਮੰਗੇ ਜਾਣ ਦੇ ਦੋਸ਼ਾਂ ਕਾਰਨ ਦੁਕਾਨਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਰ ਸਾਲ ਨਾਪ-ਤੋਲ ਵਿਭਾਗ ਵੱਲੋਂ ਕੰਡੇ-ਵੱਟੇ ਵਰਤਣ ਵਾਲੇ ਦੁਕਾਨਦਾਰਾਂ ਦੇ ਵੱਟੇ ਅਤੇ ਤੋਲ ਮਾਪਣ ਵਾਲੇ ਸਾਜੋ-ਸਾਮਾਨ ਦੀ ਜਾਂਚ ਕਰਕੇ ਉਨ੍ਹਾਂ ਨੂੰ ਪਾਸ ਕੀਤਾ ਜਾਂਦਾ ਹੈ, ਜਿਸ ਦੀ ਸਰਕਾਰੀ ਫੀਸ ਕਰੀਬ 300 ਰੁਪਏ ਨਿਰਧਾਰਤ ਹੈ।
ਪਰ ਇਸ ਵਾਰ ਪੱਟੀ ਵਿਖੇ ਕਈ ਦੁਕਾਨਦਾਰਾਂ ਨੇ ਦੋਸ਼ ਲਗਾਇਆ ਹੈ ਕਿ ਨਾਪ-ਤੋਲ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ 300 ਰੁਪਏ ਦੀ ਥਾਂ 1 ਹਜ਼ਾਰ ਰੁਪਏ ਤਕ ਦੀ ਮੰਗ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਵਾਧੂ ਰਕਮ ਗੈਰ-ਵਾਜਬ ਹੈ ਅਤੇ ਛੋਟੇ ਵਪਾਰੀਆਂ ’ਤੇ ਬਿਨ੍ਹਾਂ ਕਾਰਨ ਆਰਥਿਕ ਬੋਝ ਪਾਇਆ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਪੱਟੀ ਦੇ ਕੁਝ ਦੁਕਾਨਦਾਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਵਪਾਰੀ ਵਰਗ ਮਹਿੰਗਾਈ ਅਤੇ ਘੱਟ ਕਾਰੋਬਾਰ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ, ਉੱਪਰੋਂ ਸਰਕਾਰੀ ਕੰਮਾਂ ਦੇ ਨਾਮ ’ਤੇ ਵੱਧ ਪੈਸਿਆਂ ਦੀ ਮੰਗ ਕਰਨਾ ਠੀਕ ਨਹੀਂ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਫੀਸ ਹੀ ਲਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਵਸੂਲੀ ਨੂੰ ਤੁਰੰਤ ਰੋਕਿਆ ਜਾਵੇ।
ਇਸ ਮਾਮਲੇ ਤੋਂ ਬਾਅਦ ਵਪਾਰੀਆਂ ਵਿਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਵਪਾਰੀ ਵਰਗ ਸਰਕਾਰ ਅਤੇ ਵਿਭਾਗ ਤੋਂ ਸਪੱਸ਼ਟ ਹਿਦਾਇਤਾਂ ਜਾਰੀ ਕਰਨ ਦੀ ਮੰਗ ਕਰ ਰਿਹਾ ਹੈ, ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਉਲਝਣ ਜਾਂ ਗੈਰ-ਵਾਜਬ ਵਸੂਲੀ ਤੋਂ ਬਚਿਆ ਜਾ ਸਕੇ।
ਜਦੋਂ ਇਹ ਮਾਮਲਾ ਕਰਿਆਨਾ ਯੂਨੀਅਨ ਪੱਟੀ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਵੱਲੋਂ ਤੁਰੰਤ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਵਿਨੋਦ ਕੁਮਾਰ ਖੰਨਾ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਦਾ ਜਲਦ ਹੱਲ ਕੱਢਿਆ ਜਾਵੇਗਾ ਅਤੇ ਕਿਸੇ ਵੀ ਦੁਕਾਨਦਾਰ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।
ਕਰਿਆਨਾ ਯੂਨੀਅਨ ਪੱਟੀ ਦੇ ਪ੍ਰਧਾਨ ਖੰਨਾ ਨੇ ਕਿਹਾ ਕਿ ਨਾਪ-ਤੋਲ ਵਿਭਾਗ ਵੱਲੋਂ ਜੇਕਰ ਸਰਕਾਰੀ ਫੀਸ ਤੋਂ ਵੱਧ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹ ਗਲਤ ਗੱਲ ਹੈ ਅਤੇ ਯੂਨੀਅਨ ਇਸਦਾ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਵਪਾਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਅਜਿਹੇ ਵਿਚ ਉਨ੍ਹਾਂ ’ਤੇ ਬੇਵਜਾਹ ਵਾਧੂ ਆਰਥਿਕ ਬੋਝ ਪਾਉਣਾ ਠੀਕ ਨਹੀਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦਾ ਹੱਲ ਜਲਦੀ ਕੀਤਾ ਜਾਵੇਗਾ।
ਖੰਨਾ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਪਾਰੀ ਸਰਕਾਰੀ ਫੀਸ ਤੋਂ ਇਲਾਵਾ ਵੱਧ ਪੈਸੇ ਨਾ ਦੇਵੇ ਅਤੇ ਜੇਕਰ ਕਿਸੇ ਕੋਲੋਂ ਵੱਧ ਰਕਮ ਮੰਗੀ ਜਾਂਦੀ ਹੈ ਤਾਂ ਉਹ ਤੁਰੰਤ ਯੂਨੀਅਨ ਦੇ ਧਿਆਨ ’ਚ ਲਿਆਏ। ਉਨ੍ਹਾਂ ਕਿਹਾ ਕਿ ਕਰਿਆਨਾ ਯੂਨੀਅਨ ਹਮੇਸ਼ਾ ਵਪਾਰੀਆਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਤੇ ਭਵਿੱਖ ’ਚ ਵੀ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।