ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਨੇ ਵਿਦਿਆਰਥੀਆਂ ਲਈ ਮਨੋਰੰਜਕ ਟਰਿੱਪ ਲਗਵਾਇਆ
ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਨੋਰੰਜਨ ਦੇ ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਸਮੂਹਿਕ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ
Publish Date: Sat, 02 May 2026 06:41 PM (IST)
Updated Date: Sun, 03 May 2026 04:14 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਲਈ ਮਨੋਰੰਜਕ ਸੈਰ-ਸਪਾਟਾ ਟਰਿੱਪ ਲਗਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਸਥਾ ਨੇ ਵਿਦਿਆਰਥੀਆਂ ਲਈ ਵਿਸ਼ੇਸ਼ ਟਰਿੱਪਾਂ ਦਾ ਪ੍ਰਬੰਧ ਕੀਤਾ, ਜਿਸ ’ਚ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਉਮਰ ਤੇ ਰੁਚੀ ਅਨੁਸਾਰ ਅਲੱਗ-ਅਲੱਗ ਸਥਾਨਾਂ ’ਤੇ ਲਿਜਾਇਆ ਗਿਆ। ਨਰਸਰੀ ਤੋਂ ਤੀਜੀ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਗੇਮ ਜ਼ੋਨ, ਚੌਥੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫਨ ਆਈਲੈਂਡ ਤੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡਰਲੈਂਡ ਲਿਜਾਇਆ ਗਿਆ। ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਟਰਿੱਪ ’ਚ ਹਿੱਸਾ ਲਿਆ ਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ। ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਤੇ ਸ਼ੁਭੀ ਭਾਰਦਵਾਜ ਨੇ ਸਵੇਰੇ 6 ਵਜੇ ਤੋਂ 7 ਵਜੇ ਤਕ ਸਾਰੇ ਵਿਦਿਆਰਥੀਆਂ ਨੂੰ ਰਵਾਨਾ ਕੀਤਾ ਤੇ ਉਨ੍ਹਾਂ ਨੂੰ ਆਪਣੀਆਂ ਪਿਆਰ ਭਰੀਆਂ ਦੁਆਵਾਂ ਦਿੱਤੀਆਂ। ਡਾ. ਮਰਿਦੁਲਾ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਨੋਰੰਜਨ ਦੇ ਨਾਲ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਸਮੂਹਿਕ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸੰਸਥਾ ਸਮੇਂ-ਸਮੇਂ ’ਤੇ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਤੇ ਮਨੋਰੰਜਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ। ਗਰਮੀਆਂ ਦੇ ਮੌਸਮ ਨੂੰ ਦੇਖਦਿਆਂ ਵਿਦਿਆਰਥੀਆਂ ਨੇ ਵਾਟਰ ਪੂਲ, ਰੰਗ-ਬਰੰਗੇ ਝੂਲਿਆਂ ਤੇ ਹੋਰ ਮਨੋਰੰਜਕ ਸਵਾਰੀਆਂ ਦਾ ਖੂਬ ਆਨੰਦ ਮਾਣਿਆ। ਇਸ ਤੋਂ ਇਲਾਵਾ ਖਾਣ-ਪੀਣ ਲਈ ਵੀ ਵਿਦਿਆਰਥੀਆਂ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ। ਟਰਿੱਪ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।