ਪਿੰਡ ਧਾਰੀਵਾਲ ’ਚ ਸੀਵਰੇਜ ਦੇ ਗੰਦੇ ਪਾਣੀ ਨੇ ਬਣਾਈ ਨਰਕ ਵਰਗੀ ਸਥਿਤੀ, ਬਿਮਾਰੀਆਂ ਫੈਲਣ ਦਾ ਖ਼ਤਰਾ
ਮੌਜੂਦਾ ਸਰਕਾਰ ਦੇ ਸਥਾਨਕ ਨੁਮਾਇੰਦਿਆਂ ਵੱਲੋਂ ਵੀ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ।
Publish Date: Sun, 26 Apr 2026 06:26 PM (IST)
Updated Date: Mon, 27 Apr 2026 04:13 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਵਿਕਾਸ ਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਬ-ਡਵੀਜ਼ਨ ਪੱਟੀ ਦੇ ਨਜ਼ਦੀਕ ਪੈਂਦੇ ਪਿੰਡ ਧਾਰੀਵਾਲ ’ਚ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਪਿੰਡ ਦੇ ਚੜ੍ਹਦੇ ਪਾਸੇ ’ਚ ਸੀਵਰੇਜ ਦੇ ਗੰਦੇ ਪਾਣੀ ਕਾਰਨ ਗਲੀਆਂ ਤੇ ਰਸਤੇ ਪਾਣੀ ਨਾਲ ਭਰੇ ਪਏ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਉੱਘੇ ਖੇਡ ਪ੍ਰਮੋਟਰ ਤੇ ਧਾਰੀਵਾਲ ਸਪੋਰਟਸ ਕਲੱਬ ਦੇ ਸੇਵਾਦਾਰ ਪ੍ਰਭਜੋਤ ਸਿੰਘ ਪ੍ਰਭ, ਮੋਤਾ ਸਿੰਘ, ਮਹਲ ਸਿੰਘ, ਅਜਾਇਬ ਸਿੰਘ, ਗੇਜਾ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਬਿਨਾਂ ਯੋਜਨਾਬੰਦੀ ਦੇ ਘਟੀਆ ਮਿਆਰ ਨਾਲ ਸੀਵਰੇਜ ਪਾਏ ਗਏ ਸੀ, ਜਿਸ ਕਾਰਨ ਅੱਜ ਇਹ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਸਥਾਨਕ ਨੁਮਾਇੰਦਿਆਂ ਵੱਲੋਂ ਵੀ ਇਸ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਸੀ। ਇਸ ਸਮੱਸਿਆ ਤੋਂ ਨਿਜਾਤ ਲਈ ਕਿਸਾਨ ਆਗੂ ਸਿਕੰਦਰ ਸਿੰਘ ਧਾਰੀਵਾਲ ਵੱਲੋਂ ਆਪਣੇ ਨਿੱਜੀ ਖਰਚ ’ਤੇ ਸਬਮਰਸੀਬਲ ਮੋਟਰ ਲਾ ਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਸੀ, ਜਿਸ ਨਾਲ ਕੁਝ ਹੱਦ ਤਕ ਲੋਕਾਂ ਨੂੰ ਰਾਹਤ ਮਿਲੀ ਸੀ। ਪਰ ਬਾਅਦ ’ਚ ਰਾਜਨੀਤਿਕ ਰੰਜਿਸ਼ ਦੇ ਚਲਦਿਆਂ ਉਨ੍ਹਾਂ ’ਤੇ ਬਿਜਲੀ ਬੋਰਡ ਕੋਲ ਸ਼ਿਕਾਇਤ ਕਰ ਕੇ ਡੇਢ ਲੱਖ ਰੁਪਏ ਦਾ ਜੁਰਮਾਨਾ ਲਗਵਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਤੰਗ ਕੀਤਾ ਗਿਆ। ਪਿੰਡ ਵਾਸੀਆਂ ਮੁਤਾਬਿਕ ਹੁਣ ਗੰਦੇ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਰੁਕ ਚੁੱਕੀ ਹੈ, ਜਿਸ ਕਾਰਨ ਇਹ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਰਿਹਾ ਹੈ ਤੇ ਗਲੀਆਂ ’ਚ ਬਦਬੂਦਾਰ ਹਾਲਤ ਬਣੀ ਹੋਈ ਹੈ। ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਬਣ ਗਿਆ ਹੈ ਤੇ ਕੁਝ ਲੋਕ ਪਹਿਲਾਂ ਹੀ ਇਸ ਕਾਰਨ ਜਾਨੀ-ਮਾਲੀ ਨੁਕਸਾਨ ਝੱਲ ਚੁੱਕੇ ਹਨ। ਹੋਰ ਵੀ ਗੰਭੀਰ ਗੱਲ ਇਹ ਹੈ ਕਿ ਛੋਟੇ-ਛੋਟੇ ਬੱਚੇ ਇਸ ਗੰਦੇ ਪਾਣੀ ’ਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਪਿੰਡ ਦੇ ਇਤਿਹਾਸਕ ਗੁਰਦੁਆਰੇ ਬਾਬਾ ਭਜਾਣਾ ਸਾਹਿਬ ਤੇ ਬਾਬਾ ਸ਼ਰਨ ਦਾਸ ਵਿਖੇ ਜਾਣ ਵਾਲੀ ਸੰਗਤ ਨੂੰ ਵੀ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਜੋ ਕਿ ਬਹੁਤ ਦੁਖਦਾਈ ਸਥਿਤੀ ਹੈ। ਪਿੰਡ ’ਚ ਫੈਲ ਰਹੀ ਗੰਦਗੀ ਕਾਰਨ ਮਲੇਰੀਆ, ਡੇਂਗੂ ਤੇ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਜਿਸ ਨਾਲ ਪਿੰਡ ਵਾਸੀਆਂ ’ਚ ਖੌਫ਼ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਸਕੇ ਤੇ ਸੰਭਾਵਿਤ ਬਿਮਾਰੀਆਂ ਦੇ ਖ਼ਤਰੇ ਤੋਂ ਬਚਿਆ ਜਾ ਸਕੇ। ਇਸ ਮੌਕੇ ਗੁਰਿੰਦਰ ਸਿੰਘ, ਬਾਜ਼ ਸਿੰਘ, ਸਿਕੰਦਰ ਸਿੰਘ, ਰਤਨ ਸਿੰਘ, ਪਰਮਜੀਤ ਸਿੰਘ, ਗੁਰਭੇਜ ਸਿੰਘ, ਗੁਰਚਰਨ ਸਿੰਘ, ਅਮਰੀਕ ਸਿੰਘ, ਗੁਰਜੰਟ ਸਿੰਘ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ।