ਸਵੈ-ਗਣਨਾ ਸਾਡਾ ਕਰਤੱਵ ਅਤੇ ਮਾਣ ਦੀ ਗੱਲ : ਡੀਈਓ ਰਾਜੀਵ ਛਾਬੜਾ
ਜੇ ਕਿਸੇ ਵਿਅਕਤੀ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਤਾਂ ਗਣਨਾਕਾਰ ਵੀ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ।
Publish Date: Wed, 06 May 2026 05:04 PM (IST)
Updated Date: Thu, 07 May 2026 04:06 AM (IST)

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਤਰਨਤਾਰਨ ਰਾਜੀਵ ਕੁਮਾਰ ਛਾਬੜਾ ਨੇ ਜ਼ਿਲ੍ਹੇ ਦੇ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਗਣਨਾ 2027 ਲਈ ਸਵੈ-ਗਣਨਾ ’ਚ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਅੱਗੇ ਕਿਹਾ ਕਿ ਸਵੈ-ਗਣਨਾ ਇਕ ਆਧੁਨਿਕ ਤੇ ਆਸਾਨ ਪ੍ਰਕਿਰਿਆ ਹੈ, ਜਿਸ ਰਾਹੀਂ ਲੋਕ ਆਪਣੇ ਘਰ ਦੇ ਵੇਰਵੇ ਖੁਦ ਹੀ ਆਨਲਾਈਨ ਪੋਰਟਲ ‘ਤੇ ਭਰ ਸਕਦੇ ਹਨ। ਇਹ ਪ੍ਰਕਿਰਿਆ ਬਿਲਕੁਲ ਸੌਖੀ ਹੈ ਅਤੇ ਇਸ ਲਈ ਕਿਸੇ ਵਿਸ਼ੇਸ਼ ਤਕਨੀਕੀ ਗਿਆਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ 30 ਅਪ੍ਰੈਲ ਤੋਂ 14 ਮਈ ਤਕ ਅਸੀਂ ਆਨਲਾਈਨ ਸਵੈ-ਗਣਨਾ ਕਰ ਸਕਦੇ ਹਾਂ ਅਤੇ ਜਨਗਣਨਾ ਅਧਿਨਿਯਮ 1948 ਤਹਿਤ ਜਾਣਕਾਰੀ ਪ੍ਰਦਾਨ ਕਰਨਾ ਲਾਜ਼ਮੀ ਵੀ ਹੈ। ਛਾਬੜਾ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਤਾਂ ਗਣਨਾਕਾਰ ਵੀ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਵੈ-ਗਣਨਾ ਲਈ ਕੋਈ ਫੀਸ ਨਹੀਂ ਲੱਗਦੀ ਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਗੁਪਤ ਹੈ। ਨਾਗਰਿਕਾਂ ਦੀ ਜਾਣਕਾਰੀ ਸਿਰਫ਼ ਸਰਕਾਰੀ ਉਦੇਸ਼ਾਂ ਲਈ ਹੀ ਵਰਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੀ ਜਾਣਕਾਰੀ ਦਰਜ ਕਰਦਾ ਹੈ ਤਾਂ ਉਸ ਨੂੰ ਇਕ ਐੱਸਈਆਈਡੀ ਪ੍ਰਾਪਤ ਹੁੰਦੀ ਹੈ, ਜਿਸ ਦੀ ਵਰਤੋਂ ਕਰ ਕੇ ਉਹ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਵੀ ਆਸਾਨੀ ਨਾਲ ਜੋੜ ਸਕਦਾ ਹੈ। ਜੇ ਐੱਸਈਆਈਡੀ ਭੁੱਲ ਜਾਵੇ ਤਾਂ ਇਸ ਨੂੰ ਪੋਰਟਲ ‘ਤੇ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਮੁੜ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਪਿਆਂ ਨੂੰ ਖਾਸ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਇਸ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਤੇ ਘਰ ’ਚ ਬੈਠੇ ਹੀ ਸਵੈ-ਗਣਨਾ ਕਰ ਕੇ ਦੇਸ਼ ਦੀ ਇਸ ਮਹੱਤਵਪੂਰਨ ਮੁਹਿੰਮ ਦਾ ਹਿੱਸਾ ਬਣਨ। ਅੰਤ ’ਚ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਨਾਗਰਿਕ ਟੋਲ ਫ਼੍ਰੀ ਨੰਬਰ 1855 ‘ਤੇ ਸੰਪਰਕ ਕਰ ਸਕਦੇ ਹਨ। ‘ਚਲੋ ਨਿਭਾਈਏ ਆਪਣੀ ਜ਼ਿੰਮੇਵਾਰੀ, ਕਰੀਏ ਜਨਗਣਨਾ ’ਚ ਭਾਗੀਦਾਰੀ’ ਦੇ ਸੁਨੇਹੇ ਨਾਲ ਉਨ੍ਹਾਂ ਨੇ ਸਭ ਨੂੰ ਇਸ ਅਭਿਆਨ ’ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।