SDM ਡਾ. ਅਨੁਪ੍ਰੀਤ ਦੀ ਅਦਾਲਤ 'ਚ ਪੇਸ਼ੀ ਅੱਜ; ਕਾਨੂੰਨੀ ਕਾਰਵਾਈ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਜੰਮੂ-ਕਸ਼ਮੀਰ-ਰਾਜਸਥਾਨ ਰਾਸ਼ਟਰੀ ਮਾਰਗ ਦੀ ਉਸਾਰੀ ਦੌਰਾਨ ਜ਼ਮੀਨ ਐਕਵਾਇਰ ਦੇ 1.63 ਕਰੋੜ ਰੁਪਏ ਦੇ ਗਬਨ ਮਾਮਲੇ ’ਚ 17 ਮਈ ਨੂੰ ਗੁਰਦਾਸਪੁਰ ਤੋਂ ਐੱਸਡੀਐੱਮ ਡਾ. ਅਨੁਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਦੁਬਾਰਾ ਪੱਟੀ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Publish Date: Wed, 20 May 2026 09:43 AM (IST)
Updated Date: Wed, 20 May 2026 09:48 AM (IST)

ਜਾਗਰਣ ਸੰਵਾਦਦਾਤਾ, ਤਰਨਤਾਰਨ : ਜੰਮੂ-ਕਸ਼ਮੀਰ-ਰਾਜਸਥਾਨ ਰਾਸ਼ਟਰੀ ਮਾਰਗ ਦੀ ਉਸਾਰੀ ਦੌਰਾਨ ਜ਼ਮੀਨ ਐਕਵਾਇਰ ਦੇ 1.63 ਕਰੋੜ ਰੁਪਏ ਦੇ ਗਬਨ ਮਾਮਲੇ ’ਚ 17 ਮਈ ਨੂੰ ਗੁਰਦਾਸਪੁਰ ਤੋਂ ਐੱਸਡੀਐੱਮ ਡਾ. ਅਨੁਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨ ਦਿਨ ਦਾ ਰਿਮਾਂਡ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਨੂੰ ਦੁਬਾਰਾ ਪੱਟੀ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
2019 ’ਚ ਡਾ. ਅਨੁਪ੍ਰੀਤ ਕੌਰ ਪੱਟੀ ਦੇ ਸਬ ਡਵੀਜ਼ਨ ’ਚ ਤਾਇਨਾਤ ਸਨ। ਜ਼ਮੀਨ ਐਕਵਾਇਰ ਦੌਰਾਨ ਉਨ੍ਹਾਂ ਆਪਣੇ ਨੇੜਲੇ ਲੋਕਾਂ ਦੇ ਬੈਂਕ ਖਾਤਿਆਂ ’ਚ 1.63 ਕਰੋੜ ਰੁਪਏ ਦੀ ਰਕਮ ਪਾਈ ਸੀ, ਜਿਸ ’ਚ ਜਸਬੀਰ ਕੌਰ, ਰਾਜਵਿੰਦਰ ਕੌਰ, ਬਿਕਰਮਜੀਤ ਸਿੰਘ ਤੇ ਗੁਰਜੀਤ ਸਿੰਘ ਸ਼ਾਮਲ ਸਨ। ਬਾਅਦ ’ਚ ਇੱਥੇ ਤਾਇਨਾਤ ਐੱਸਡੀਐੱਮ ਨਵਰਾਜ ਸਿੰਘ ਬਰਾਡ਼ ਨੇ ਡੀਸੀ ਨੂੰ ਆਪਣੀ ਰਿਪੋਰਟ ਦਿੱਤੀ ਸੀ। ਤੱਤਕਾਲੀ ਡੀਸੀ ਪ੍ਰਦੀਪ ਸੱਭਰਵਾਲ ਨੇ ਐੱਸਐੱਸਪੀ ਧਰੁਵ ਦਹੀਆ ਨੂੰ ਕਾਰਵਾਈ ਦੇ ਹੁਕਮ ਦਿੱਤੇ ਸਨ।
ਐੱਸਡੀਐੱਮ ਡਾ. ਅਨੁਪ੍ਰੀਤ ਕੌਰ ਖ਼ਿਲਾਫ਼ ਪੱਟੀ ਥਾਣੇ ’ਚ ਕੇਸ ਦਰਜ ਕੀਤਾ ਗਿਆ, ਪਰ ਬਾਅਦ ’ਚ ਇਹ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਗਿਆ। ਡਿਊਟੀ ਤੋਂ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ ਇਸ ਮਹਿਲਾ ਐੱਸਡੀਐੱਮ ਨੂੰ ਮੁਅੱਤਲ ਵੀ ਕੀਤਾ ਗਿਆ ਸੀ ਪਰ ਬਾਅਦ ’ਚ ਉਹ ਬਹਾਲ ਹੋ ਗਈ। ਕੁਝ ਮਹੀਨਿਆਂ ਤੋਂ ਉਹ ਗੁਰਦਾਸਪੁਰ ’ਚ ਐੱਸਡੀਐੱਮ ਵਜੋਂ ਸੇਵਾਵਾਂ ਦੇ ਰਹੀ ਸੀ ਕਿ 17 ਮਈ ਨੂੰ ਪੱਟੀ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਬ ਡਵੀਜ਼ਨ ਪੱਟੀ ਦੇ ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਪੁਲਿਸ ਰਿਮਾਂਡ ਦੌਰਾਨ ਕਈ ਸੁਰਾਗ ਹੱਥ ਲੱਗੇ ਹਨ।