ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ’ਚ ਧਰਤੀ ਬਚਾਓ ਦਿਵਸ ਮਨਾਇਆ
ਮੁਕਾਬਲੇ ’ਚ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਬਹੁਤ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਵੀ ਹਾਸਿਲ ਕੀਤੀਆਂ।
Publish Date: Mon, 27 Apr 2026 05:11 PM (IST)
Updated Date: Tue, 28 Apr 2026 04:05 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਧਰਤੀ ਬਚਾਓ ਦਿਵਸ ਮਨਾਇਆ ਗਿਆ। ਜਿਸ ’ਚ ਸਕੂਲ ਦੇ ਵਿਦਿਆਰਥੀਆਂ ਦੀ ਸਿਰਜਣਾਤਮਕ ਯੋਗਤਾ ਨੂੰ ਨਿਖਾਰਨ ਲਈ ਬੈਸਟ ਆਊਟ ਆਫ ਵੇਸਟ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ’ਚ ਵਿਦਿਆਰਥੀਆਂ ਨੇ ਫਾਲਤੂ ਤੇ ਨਾ ਵਰਤੋਂ ’ਚ ਆਉਣ ਵਾਲੀ ਸਮੱਗਰੀ ਦੀ ਵਰਤੋਂ ਕਰ ਕੇ ਬਿਹਤਰੀਨ ਕਲਾ ਕਿਰਤਾਂ ਤਿਆਰ ਕੀਤੀਆਂ। ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਤ ਆਕਰਸ਼ਕ ਪ੍ਰੋਜੈਕਟ, ਸੁੰਦਰ ਫੁੱਲਦਾਨ, ਰੰਗ-ਬਿਰੰਗੇ ਸਜਾਵਟੀ ਸਾਮਾਨ ਅਤੇ ਹੋਰ ਕਈ ਉਪਯੋਗੀ ਵਸਤੂਆਂ ਤਿਆਰ ਕਰ ਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਦੀ ਕਲਪਨਾ, ਮਿਹਨਤ ਤੇ ਹੁਨਰ ਹਰ ਇਕ ਰਚਨਾ ’ਚ ਸਾਫ਼ ਝਲਕ ਰਿਹਾ ਸੀ। ਇਸ ਮੁਕਾਬਲੇ ’ਚ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਬਹੁਤ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਵੀ ਹਾਸਿਲ ਕੀਤੀਆਂ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਤਸ਼ਾਹਿਤ ਕੀਤਾ ਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ’ਚ ਰਚਨਾਤਮਕਤਾ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ। ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਬੇਕਾਰ ਸਮੱਗਰੀ ਨੂੰ ਨਵੀਂ ਉਪਯੋਗਤਾ ’ਚ ਬਦਲਣ ਦੀ ਪ੍ਰੇਰਣਾ ਦਿੱਤੀ।