ਸਫਾਈ ਸੇਵਕਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ
ਸਰਕਾਰ ਵੱਲੋਂ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ ਤੇ ਡੰਗ ਟਪਾਊ ਨੀਤੀ ਤੋਂ ਕਰਮਚਾਰੀ ਨਾਰਾਜ਼ ਹਨ
Publish Date: Wed, 06 May 2026 04:48 PM (IST)
Updated Date: Thu, 07 May 2026 04:05 AM (IST)

ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਸੂਬੇ ਭਰ ’ਚ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਹੈ। ਜਿਸ ਤਹਿਤ ਤਰਨਤਾਰਨ ਦੇ ਸਫ਼ਾਈ ਕਰਮਚਾਰੀ ਵੀ ਹੜਤਾਲ ’ਤੇ ਚਲੇ ਗਏ ਤੇ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰਦਿਆਂ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਪੱਧਰੀ ਧਰਨੇ ’ਤੇ ਇਹ ਹੜਤਾਲ ਕੀਤੀ ਗਈ ਹੈ। ਸਰਕਾਰ ਵੱਲੋਂ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ ਤੇ ਡੰਗ ਟਪਾਊ ਨੀਤੀ ਤੋਂ ਕਰਮਚਾਰੀ ਨਾਰਾਜ਼ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਸਬਕ ਸਿਖਾਉਣ ਤੇ ਆਪਣੇ ਹੱਕ ਲੈਣ ਲਈ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਮੰਗਾਂ ਬਾਰੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ, ਮੁਲਾਜ਼ਮਾਂ ਦਾ ਰਹਿੰਦਾ ਡੀਏ ਨਾ ਦੇਣਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਸਫ਼ਾਈ ਕਰਮਚਾਰੀਆਂ ਲਈ ਖ਼ਤਰਨਾਕ ਡਿਊਟੀ ਨੂੰ ਦੇਖਦਿਆਂ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣ ਆਦਿ ਮੰਗਾਂ ਸ਼ਾਮਿਲ ਹਨ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਤੋਂ ਇਲਾਵਾ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆਂ, ਜ਼ਿਲ੍ਹਾ ਕੈਸ਼ੀਅਰ ਦਵਿੰਦਰ ਸਿੰਘ, ਪੀਡਬਲਿਯੂਡੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਨਛੱਤਰ ਸਿੰਘ, ਡੈਮੋਕਰੇਟਿਕ ਟੀਚਰ ਫਰੰਟ ਦੇ ਪ੍ਰਤਾਪ ਸਿੰਘ ਠੱਠਗੜ੍ਹ, ਜੱਜਪਾਲ, ਰਾਮ ਪ੍ਰਕਾਸ਼, ਤਿਲਕ ਰਾਜ, ਪ੍ਰਦੀਪ ਕੁਮਾਰ, ਰਾਜ ਕੁਮਾਰ, ਨਿੰਦੀ, ਸਤਨਾਮ ਸਿੰਘ, ਕਾਲਾ, ਕਮਲੇਸ਼, ਸੰਤੋਸ਼, ਸਲਮਾ, ਆਸ਼ੂ, ਸਾਹਿਬ ਸਿੰਘ, ਦਲੀਪ ਸਿੰਘ, ਸਾਜਨ, ਸੁਨੀਲ, ਸਵਰਾਜ, ਲਾਡੀ, ਜਸਪਾਲ, ਸੋਨੀਆ, ਭੋਲੀ ਆਦਿ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। === ਜਿੰਨਾ ਚਿਰ ਮਸਲਿਆਂ ਦਾ ਹੱਲ ਨਹੀਂ , ਓਨਾ ਚਿਰ ਸਫ਼ਾਈ ਨਹੀ : ਹੜਤਾਲੀ ਕਰਮਚਾਰੀ ਹੜਤਾਲੀ ਸਫ਼ਾਈ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਚਿਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਚਿਰ ਸ਼ਹਿਰ ’ਚ ਸਫ਼ਾਈ ਦਾ ਕੰਮ ਨਹੀਂ ਹੋਵੇਗਾ ਅਤੇ ਨਾ ਹੀ ਘਰਾਂ ਦਾ ਕੂੜਾ ਚੁੱਕਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੜਤਾਲ ਦੌਰਾਨ ਸੀਵਰੇਜ ਸਬੰਧੀ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ ਤੇ ਇਸ ਨਾਲ ਹੋਣ ਵਾਲੀ ਪਰੇਸ਼ਾਨੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।