ਸੰਧੂ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਚੋਣਾਂ ਲਈ ਅਬਜ਼ਰਵਰ ਨਿਯੁਕਤ
ਸੰਧੂ ਨੇ ਕਿਹਾ ਕਿ ਪਾਰਟੀ ਨੇ ਜੋ ਵਿਸ਼ਵਾਸ ਉਨ੍ਹਾਂ ‘ਤੇ ਜਤਾਇਆ ਹੈ, ਉਹ ਉਸ ‘ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ।
Publish Date: Tue, 05 May 2026 06:18 PM (IST)
Updated Date: Wed, 06 May 2026 04:09 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੰਜਾਬ ’ਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ’ਚ ਜ਼ਿੰਮੇਵਾਰ ਆਗੂਆਂ ਦੀਆਂ ਡਿਊਟੀਆਂ ਲਾ ਕੇ ਚੋਣ ਤਿਆਰੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪੱਟੀ ਹਲਕੇ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੀਪੀਸੀਸੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੂੰ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੀਆਂ ਆਉਣ ਵਾਲੀਆਂ ਚੋਣਾਂ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਕੀਤੀ ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੰਧੂ ਨੇ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੰਗਠਨ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਵਿਸ਼ਵਾਸ ਉਨ੍ਹਾਂ ‘ਤੇ ਜਤਾਇਆ ਹੈ, ਉਹ ਉਸ ‘ਤੇ ਖਰਾ ਉਤਰਨ ਲਈ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ’ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਵਰਕਰਾਂ ਨਾਲ ਮਿਲ ਕੇ ਚੋਣ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ ਤੇ ਲੋਕ ਮੁੜ ਕਾਂਗਰਸ ਪਾਰਟੀ ਵੱਲ ਉਮੀਦ ਨਾਲ ਦੇਖ ਰਹੇ ਹਨ। ਸੰਧੂ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਨਗਰ ਕੌਂਸਲ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਦੀਆਂ ਨੀਤੀਆਂ ਤੇ ਲੋਕ ਹਿਤੈਸ਼ੀ ਕਾਰਜਾਂ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇਗਾ। ਇਸ ਨਿਯੁਕਤੀ ਤੋਂ ਬਾਅਦ ਪੱਟੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹਰਪ੍ਰੀਤ ਸਿੰਘ ਸੰਧੂ ਨੂੰ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਚੋਣਾਂ ’ਚ ਮਜ਼ਬੂਤ ਸਥਿਤੀ ਬਣਾਏਗੀ।