ਹੜ੍ਹਾਂ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਸੰਧੂ ਤੇ ਸ਼ਵੇਤ ਮਲਿਕ ਨੇ ਲਿਆ ਜਾਇਜ਼ਾ
ਭਾਰੀ ਬਰਸਾਤ ਕਾਰਨ ਦਰਿਆਵਾਂ, ਨਹਿਰਾਂ ’ਚ ਹੜ੍ਹ ਆਉਣ ਕਾਰਨ ਪੰਜਾਬ ਦੀਆਂ ਲੱਖਾਂ ਏਕੜ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ
Publish Date: Tue, 02 Sep 2025 08:06 PM (IST)
Updated Date: Wed, 03 Sep 2025 04:08 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪਿਛਲੇ ਕਾਫੀ ਦਿਨਾਂ ਤੋਂ ਕੁਦਰਤੀ ਆਫ਼ਤਾਂ ਨਾਲ ਜਿੱਥੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਭਾਰੀ ਬਰਸਾਤ ਕਾਰਨ ਦਰਿਆਵਾਂ, ਨਹਿਰਾਂ ’ਚ ਹੜ੍ਹ ਆਉਣ ਕਾਰਨ ਪੰਜਾਬ ਦੀਆਂ ਲੱਖਾਂ ਏਕੜ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ ਪਰ ਇਸ ਗੰਭੀਰ ਮਸਲੇ ਵੱਲ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਧਿਆਨ ਨਹੀਂ ਹੈ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਤੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪਿੰਡ ਮੁੰਡਾਪਿੰਡ ਵਿਖੇ ਇਲਾਕੇ ਦੀਆਂ ਖ਼ਰਾਬ ਹੋਈਆਂ ਫ਼ਸਲਾਂ ਤੇ ਕਿਸਾਨਾਂ ਨਾਲ ਮਿਲਣੀ ਕਰਨ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਸੰਧੂ ਨੇ ਕਿਹਾ ਕਿ ਭਾਵੇਂ ਹੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ ਪਰ ਪੰਜਾਬ ’ਚ ਦਰਿਆਵਾਂ ਤੇ ਨਹਿਰਾਂ ਦੀ ਖਲਾਈ ਤੇ ਸਫ਼ਾਈ ਦੇ ਨਾਮ ਤੇ ਕਰੋੜਾਂ ਰੁਪਏ ਕਾਗਜਾਂ ’ਚ ਹੀ ਲੱਗੇ ਹਨ ਜਦੋਂ ਕਿ ਪੰਜਾਬ ਸਰਕਾਰ ਦਾ ਫ਼ਰਜ਼ ਹੈ ਕਿ ਕੁਦਰਤੀ ਆਫ਼ਤਾਂ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਨਜਿੱਠਣ ਲਈ ਢੁਕਵੇਂ ਤੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਇਨ੍ਹਾਂ ਆਫ਼ਤਾਂ ਦਾ ਦੁਰਪ੍ਰਭਾਵ ਘੱਟ ਹੋ ਸਕੇ ਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖ਼ਰਾਬ ਹੋਈ ਪੰਜਾਬ ਦੀ ਲੱਖਾਂ ਏਕੜ ਫ਼ਸਲ ਦੀ ਭਰਪਾਈ ਤੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਪੈਕੇਜ ਤਿਆਰ ਕੀਤਾ ਜਾ ਰਿਹਾ ਹੈ, ਬਹੁਤ ਜਲਦੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਮੁਸ਼ਕਲ ਦੀ ਘੜੀ ’ਚ ਕਰੋੜਾਂ ਰੁਪਏ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਮੌਜੂਦ ਕਿਸਾਨਾਂ ਨੰਬਰਦਾਰ ਬਲਬੀਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਰਣਬੀਰ ਸਿੰਘ, ਦਿਲਬਾਗ ਸਿੰਘ, ਜਗੀਰ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ ਆਦਿ ਨੇ ਆਪਣਾ ਦੁੱਖੜਾ ਰੋਂਦਿਆ ਦੱਸਿਆ ਕਿ ਦੋ ਤਿੰਨ ਸਾਲ ਬਾਅਦ ਸਾਨੂੰ ਕੁਦਰਤੀ ਆਫਤਾਂ ਦੀ ਮਾਰ ਝੱਲਣੀ ਪੈਂਦੀ ਹੈ ਅਤੇ ਖੇਤੀ ਲਈ ਹਰ ਵਸਤੂ ਮੁੱਲ ਲੈ ਕੇ ਹੋਰ ਕਰਜ਼ੇ ਦੇ ਬੋਝ ਹੇਠਾਂ ਦੱਬ ਰਹੇ ਹਾਂ ਪਰ ਸਰਕਾਰੀ ਤੌਰ ਤੇ ਸਾਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਸਾਡੇ ਖੇਤੀ ਕਿੱਤੇ ਨੂੰ ਵੱਡੀ ਢਾਹ ਲੱਗਦੀ ਹੈ ਅਤੇ ਜ਼ਮੀਨ ਵਾਹੀਯੋਗ ਨਾ ਹੋਣ ਕਾਰਨ ਅਸੀਂ ਗੁਰਬੱਤ ਭਰੀ ਜ਼ਿੰਦਗੀ ਜਿਉ ਰਹੇ ਹਾਂ ਤੇ ਇਸ ਵਾਰ ਬਹੁਤ ਭਾਰੀ ਹੜ੍ਹ ਆਉਣ ਕਾਰਨ ਉਹ ਘਰੋਂ ਬੇਘਰ ਵੀ ਹੋ ਚੁੱਕੇ ਹਨ, ਕਿਉਂਕਿ ਸਾਡੇ ਘਰਾਂ ਦੇ ਉਪਰੋਂ ਦੀ ਦਰਿਆ ਦਾ ਪਾਣੀ ਫਿਰ ਚੁੱਕਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡਾ ਸਾਡੀਆਂ ਅੱਖਾਂ ਸਾਹਮਣਾ ਉਜਾੜਾ ਹੋ ਰਿਹਾ ਹੈ ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਜਾਂ ਰਾਹਤ ਦੇਣ ਲਈ ਕੋਈ ਵੀ ਆਪ ਸਰਕਾਰ ਦਾ ਲੀਡਰ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਤੱਕ ਨਹੀਂ ਆਇਆ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕ ’ਚ ਅਖਬਾਰੀ ਬਿਆਨ ਦੇ ਕੇ ਪੰਜਾਬ ਦੇ ਖ਼ਜ਼ਾਨੇ ਦਾ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਚ ਖਰਚ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਆਪ ਜ਼ਮੀਨੀ ਪੱਧਰ ’ਤੇ ਆ ਕੇ ਨੁਕਸਾਨੀਆਂ ਗਈਆਂ ਫ਼ਸਲਾਂ ਤੇ ਘਰਾਂ ਦੀ ਪ੍ਰਪੋਜਲ ਤਿਆਰ ਕਰ ਕੇ ਤੁਰੰਤ ਰਾਹਤ ਫੰਡ ਜਾਰੀ ਕਰ ਕੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਪਵਨ ਦੇਵਗਨ, ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ, ਸਾਹਿਬ ਸਿੰਘ ਮੁੰਡਾਪਿੰਡ, ਮਾਸਟਰ ਬਲਦੇਵ ਸਿੰਘ ਮੰਡ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਬਲਧੀਰ ਸਿੰਘ, ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਅਤੇ ਹੋਰ ਆਗੂ ਸਾਹਿਬਾਨ ਮੌਜੂਦ ਸਨ।