ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਮਹਾਰਾਸ਼ਟਰ ’ਚ ਤਿੰਨ ਮੰਜ਼ਿਲਾ ਸਰਾਂ ਦੀ ਉਸਾਰੀ ਆਰੰਭ
ਇਸ ਅਸਥਾਨ ’ਤੇ 24 ਕਮਰਿਆਂ ਵਾਲੀ ਨਵੀਂ ਤਿੰਨ ਮੰਜ਼ਿਲਾ ਰਿਹਾਇਸ਼ੀ ਸਰਾਂ ਉਸਾਰਨ ਦੀ ਯੋਜਨਾ ਬਣਾਈ ਗਈ ਸੀ
Publish Date: Sat, 25 Apr 2026 06:02 PM (IST)
Updated Date: Sun, 26 Apr 2026 04:11 AM (IST)

ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇੜੇ ਗੁਰਦੁਆਰਾ ਮਾਤਾ ਜੀਤ ਕੌਰ ਜੀ ਮੁਗਟ ਵਿਖੇ ਲੰਮੇ ਸਮੇਂ ਤੋਂ ਕਾਰ ਸੇਵਾ ਚੱਲ ਰਹੀ ਹੈ। ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਿਕਾਰਘਾਟ ਤੋਂ ਲਗਭਗ ਦੋ ਕਿੱਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇਸ ਅਸਥਾਨ ’ਤੇ ਗੁਰਦੁਆਰਾ ਸਾਹਿਬ ਦੇ ਪੰਜ ਮੰਜ਼ਿਲ ਉਚਾਈ ਵਾਲੇ ਦਰਬਾਰ ਹਾਲ ਦੀ ਸੇਵਾ ਚੱਲ ਰਹੀ ਸੀ ਜੋ ਲਗਭਗ ਮੁਕੰਮਲ ਹੋਣ ਵਾਲੀ ਹੈ। ਇਸ ਅਸਥਾਨ ’ਤੇ ਸੰਪਰਦਾਇ ਵੱਲੋਂ ਪਹਿਲਾਂ ਵੀ ਸੰਗਤ ਦੀ ਰਿਹਾਇਸ਼ ਲਈ ਇਕ ਤਿੰਨ ਮੰਜ਼ਿਲਾ ਸਰਾਂ ਬਣੀ ਹੋਈ ਹੈ। ਸੰਪਰਦਾਇ ਵੱਲੋਂ ਇੱਥੇ ਸ਼ਿਕਲੀਗਰ ਤੇ ਵਣਜਾਰਾ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਬਾਬਾ ਮੱਖਣ ਸ਼ਾਹ ਲੁਬਾਣਾ, ਬਾਬਾ ਲੱਖੀ ਸ਼ਾਹ ਵਣਜਾਰਾ ਗੁਰਮਤਿ ਅਕੈਡਮੀ ਸਥਾਪਿਤ ਕੀਤੀ ਗਈ ਹੈ। ਜਿਸ ’ਚ ਵਿਦਿਆਰਥੀ ਕੀਰਤਨ, ਤਬਲਾ, ਗੁਰਬਾਣੀ ਸੰਥਿਆ ਤੇ ਸਿੱਖ ਇਤਿਹਾਸ ਦੀ ਵਿੱਦਿਆ ਗ੍ਰਹਿਣ ਕਰਦੇ ਹਨ। ਵਿਦਿਆਰਥੀਆਂ ਦੀ ਸਿਖਲਾਈ, ਰਿਹਾਇਸ਼, ਲੰਗਰ ਦਾ ਖਰਚਾ ਸੰਪਰਦਾਇ ਵੱਲੋਂ ਕੀਤਾ ਜਾਂਦਾ ਹੈ। ਬਾਬਾ ਜੀ ਵੱਲੋਂ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਇਸ ਅਸਥਾਨ ’ਤੇ 24 ਕਮਰਿਆਂ ਵਾਲੀ ਨਵੀਂ ਤਿੰਨ ਮੰਜ਼ਿਲਾ ਰਿਹਾਇਸ਼ੀ ਸਰਾਂ ਉਸਾਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ਨੂੰ ਅਮਲੀ ਜਾਮਾ ਪਹਿਣਾਉਂਦਿਆਂ ਅੱਜ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਕਰ ਕੇ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਇਸ ਸਰਾਂ ਦਾ ਨੀਹ ਪੱਥਰ ਰੱਖਿਆ ਗਿਆ। ਇਸ ਸੇਵਾ ਕਾਰਜ ਉੱਤੇ ਲਗਭਗ ਦੋ ਕਰੋੜ ਰੁਪਏ ਦਾ ਖ਼ਰਚ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਸੰਗਤ ’ਚ ਸੇਠ ਵਿਕਰਮਜੀਤ ਸਿੰਘ ਯੇਵਲਾ, ਦਿਲਬਾਗ ਸਿੰਘ ਨੰਦੇੜ, ਮਨਜਿੰਦਰ ਸਿੰਘ ਬੱਬੂ ਮੁੰਬਈ, ਸੇਠ ਹਰਜੀਤ ਸਿੰਘ ਬੁੱਟਰ, ਬਾਬਾ ਤੇਜਾ ਸਿੰਘ ਗੁਰਦੁਆਰਾ ਮਾਤਾ ਸਾਹਿਬ ਕੌਰ, ਕਵੀਸ਼ਰ ਕਰਤਾਰ ਸਿੰਘ ਕਿਰਤੀ, ਪਰਮੇਸ਼ਰ ਸਿੰਘ ਨੰਦੇੜ, ਕਰਤਾਰ ਸਿੰਘ ਸਰਾਂ ਰਾਣਾ, ਜਥੇਦਾਰ ਲਾਭ ਸਿੰਘ, ਸਤਨਾਮ ਸਿੰਘ ਗਿੱਲ, ਸੁੱਖਾ ਸਿੰਘ ਹੁੰਦਲ ਨੰਦੇੜ, ਹੈਰੀ ਚੀਮਾ, ਹਰਦੇਵ ਸਿੰਘ ਬੁੱਟਰ, ਹਰਪਾਲ ਸਿੰਘ ਟਿਕਟਾਂ ਵਾਲੇ, ਬਲਵੀਰ ਸਿੰਘ ਬੁੱਟਰ, ਹਰਪਾਲ ਸਿੰਘ ਬੁੱਟਰ ਅਤੇ ਹੋਰ ਕਈ ਗੁਰਸਿੱਖ ਮੌਜੂਦ ਸਨ।